ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਮਾਰਚ
ਸੰਗਰੂਰ ਵਿਧਾਨ ਸਭਾ ਹਲਕੇ ਦੀ ਚੋਣ ਜਿੱਤ ਕੇ ਵਿਧਾਇਕ ਬਣੀ ਆਮ ਕਿਸਾਨ ਪਰਿਵਾਰ ਦੀ ਧੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਹਲਕੇ ਦੀ ਧੀ ਹੈ ਅਤੇ ਹਲਕੇ ਦੇ ਲੋਕਾਂ ਦੀ ਹਮੇਸ਼ਾ ਧੀ ਬਣ ਸੇਵਾ ਕਰੇਗੀ। ਉਹ ਨੇੜਲੇ ਪਿੰਡ ਘਾਬਦਾਂ ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਰੱਖੇ ਸਮਾਗਮ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਜਿੱਤ ਉਸ ਦੀ ਨਹੀਂ ਸਗੋਂ ਸਮੁੱਚੇ ਹਲਕੇ ਦੇ ਲੋਕਾਂ ਦੀ ਜਿੱਤ ਹੈ ਕਿਉਂਕਿ ਹਲਕੇ ਦੇ ਲੋਕਾਂ ਨੇ ਹੀ ਉਸ ਦੀ ਚੋਣ ਮੁਹਿੰਮ ਨੂੰ ਚਲਾਇਆ ਅਤੇ ਜਿੱਤ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਿਹਤ ਅਤੇ ਸਿੱਖਿਆ ਦੇ ਪ੍ਰਬੰਧ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ ਤਾਂ ਜੋ ਕੋਈ ਲੋੜਵੰਦ ਵਿਅਕਤੀ ਇਲਾਜ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਸਮਾਗਮ ਤੋਂ ਬਾਅਦ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਥਾਨਕ ਸ਼ਹਿਰ ’ਚ ਸੰਗਰੂਰ ਅਤੇ ਭਵਾਨੀਗੜ੍ਹ ਦੇ ਸਮੂਹ ਪੱਤਰਕਾਰਾਂ ਨਾਲ ਮੀਟਿੰਗ ਕਰਦਿਆਂ ਚੋਣ ਪ੍ਰਚਾਰ ਦੌਰਾਨ ਨਿਰਪੱਖ ਭੂਮਿਕਾ ਨਿਭਾਉਣ ਲਈ ਧੰਨਵਾਦ ਕੀਤਾ।