ਪੱਤਰ ਪ੍ਰੇਰਕ
ਲਹਿਰਾਗਾਗਾ, 14 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਿਲਾਇੰਸ ਪੰਪ ਅੱਗੇ ਲਾਇਆ ਪੱਕਾ ਮੋਰਚਾ ਅੱਜ 378ਵੇਂ ਦਿਨ ਵੀ ਜਾਰੀ ਰਿਹਾ। ਬਹੁਤੇ ਕਿਸਾਨ ਇਥੋਂ ਐਕਸੀਅਨ ਦਫ਼ਤਰ ਦੇ ਘਿਰਾਓ ਲਈ ਰਵਾਨਾ ਹੋਏ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਖੋਖਰ, ਕਰਨੈਲ ਗਨੋਟਾ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਅੰਨਦਾਤਿਆਂ ਨੂੰ ਇਨਸਾਫ਼ ਦੇਣ ਦੀ ਥਾਂ ਕਿਸਾਨੀ ਸੰਘਰਸ਼ ਨੂੰ ਫਿਰਕੂ ਜਾਤਾਂ ਪਾਤਾਂ ਤੇ ਕਤਲੇਆਮ ’ਚ ਵੰਡ ਕੇ ਤਾਰਪੀੜੋ ਕਰਨ ਦੀ ਸਾਜਿਸ਼ ਰਚ ਰਹੀ ਹੈ ਪਰ ਦੇਸ਼ ਦੇ ਲੋਕਾਂ ਨੂੰ ਭਾਜਪਾ ਦੀ ਚਾਲ ਨੂੰ ਪੂਰੀ ਤਰ੍ਹਾਂ ਪਛਾਣ ਕੇ ਹੀ ਦੇਸ਼ ਭਰ ਦੇ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਸੰਯੁਕਤ ਮੋਰਚੇ ਐਲਾਨ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਦੇ ਰੋਸ ਵਜੋਂ ਟੈਂਪੂ ਯੂਨੀਅਨ ਦੇ ਦਫ਼ਤਰ ਕੋਲ ਗਰਾਉਂਡ ’ਚ ਅੜਕਵਾਸ ਰੋਡ ’ਤੇ ਮੋਦੀ ਤੇ ਸਾਮਰਾਜੀਆਂ ਦਾ ਵੱਡਾ ਪੁਤਲਾ ਬਣਾ ਕੇ ਫੁਕਿਆ ਜਾਵੇਗਾ।
ਅਮਰਗੜ੍ਹ (ਪੱਤਰ ਪ੍ਰੇਰਕ) ਟੌਲ ਪਲਾਜ਼ਾ ਮਾਹੋਰਾਣਾ ਵਿੱਚ ਲਗਾਏ ਧਰਨੇ ਦੇ 375 ਵੇਂ ਦਿਨ ਕਿਸਾਨਾਂ ਨੇ ਕੇਂਦਰ ਤੇ ਯੂਪੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਰਿੰਦਰਜੀਤ ਸਿੰਘ ਸਲਾਰ, ਅਵਤਾਰ ਸਿੰਘ ਪਿੰਟੂ ਤੋਲੇਵਾਲ, ਲਾਲ ਸਿੰਘ ਤੋਲੇਵਾਲ, ਗੁਰਦੇਵ ਸਿੰਘ ਸੰਗਾਲਾ, ਭਗਵੰਤ ਸਿੰਘ ਸਲਾਰ, ਮਨਜੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਸ਼ਾਂਤਮਈ ਧਰਨੇ ਦਿੱਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਦਸਹਿਰੇ ਵਾਲ ਦਿਨ ਮੋਦੀ, ਯੋਗੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ।
ਮੂਨਕ (ਪੱਤਰ ਪ੍ਰੇਰਕ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਮੂਨਕ ਵੱਲੋਂ ਬਲਾਕ ਆਗੂ ਸੁਖਦੇਵ ਕੜੈਲ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਮੂਨਕ ਅੱਗੇ ਪੱਕਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਸਬਰ ਨੂੰ ਪਰਖ ਰਹੀ ਹੈ। ਪਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਬਲਾਕ ਆਗੂ ਰਿੰਕੂ ਮੂਨਕ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 15 ਅਕਤੂਬਰ ਦੀ ਥਾਂ ਦਸਹਿਰੇ ਦਾ ਪ੍ਰੋਗਰਾਮ 16 ਨੂੰ ਲਹਿਰਾ ’ਚ ਮੋਦੀ, ਯੋਗੀ ਤੇ ਹਰਜੀਤ ਗਰੇਵਾਲ ਦੇ ਪੁਤਲੇ ਫੂਕ ਕੇ ਮਨਾਇਆ ਜਾਵੇਗਾ।