ਖੇਤਰੀ ਪ੍ਰਤੀਨਿਧ
ਧੂਰੀ, 4 ਜੁਲਾਈ
ਧੂਰੀ ਸ਼ਹਿਰ ਵਿੱਚ ਵਿਕਾਸ ਦੇ ਨਾਂ ਹੇਠ ਹਰੇ-ਭਰੇ ਦਰੱਖ਼ਤਾਂ ਦੀ ਬਲੀ ਦਿੱਤੀ ਜਾ ਰਹੀ ਹੈ। ਤਾਜ਼ੀ ਵਾਪਰੀ ਘਟਨਾ ਅਨੁਸਾਰ ਵਾਰਡ ਨੰਬਰ 10 ਕੋਲ ਪੈਂਦੀ ਪੁਰਾਤਨ ਸਮਾਜ ਕੋਲ ਲੰਘਦੇ ਰਜਵਾਹੇ ਦੇ ਆਲੇ-ਦੁਆਲੇ ਲੱਗੇ ਨਹਿਰੀ ਵਿਭਾਗ ਦੇ ਅਧੀਨ ਪੈਂਦੇ ਕੁਝ ਨੰਬਰੀ ਦਰੱਖਤ ਅਣਪਛਾਤੇ ਲੋਕਾਂ ਨੇ ਵੱਢ ਦਿੱਤੇ। ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਵਿੱਚ ਕਾਫੀ ਰੋਸ ਹੈ। ਕੌਂਸਲਰ ਅਜੈ ਪਰੋਚਾ ਨੇ ਇਸ ਸਬੰਧੀ ਗੁੱਸਾ ਜਤਾਉਂਦਿਆਂ ਕਿਹਾ ਕਿ ਇਸ ਥਾਂ ’ਤੇ ਪਹਿਲਾਂ ਵੀ ਦੋ ਧਾਰਮਿਕ ਆਸਥਾ ਨਾਲ ਸਬੰਧਤ ਦਰੱਖ਼ਤਾਂ ਦੀ ਬਲੀ ਲਈ ਜਾ ਚੁੱਕੀ ਹੈ ਤੇ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਇਸ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾ ਉਹ ਸੰਘਰਸ਼ ਵਿੱਢਣਗੇ। ਉਨ੍ਹਾਂ ਕਿਹਾ ਇਸ ਮਾਮਲੇ ਸਬੰਧੀ ਧੂਰੀ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਅੰਦਰ ਵਾਰ ਵਾਰ ਦਰੱਖ਼ਤ ਕੱਟਣ ਦੀਆਂ ਵਾਪਰੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਸਮੇਤ ਅਦਾਲਤ ਕੋਲ ਜਾਣ ਦਾ ਵੀ ਐਲਾਨ ਕੀਤਾ। ਡੀਸੀ ਸੰਗਰੂਰ ਰਾਮਵੀਰ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ।