ਪੱਤਰ ਪ੍ਰੇਰਕ
ਲਹਿਰਾਗਾਗਾ, 29 ਅਗਸਤ
ਹਲਕਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਨੇੜਲੇ ਦੇਹਲਾ ਸੀਹਾਂ ਵਿੱਚ ਮਿੱਟੀ ਦੀ ਮਾਈਨਿੰਗ ਥੜੱਲੇ ਨਾਲ ਚੱਲ ਰਹੀ ਹੈ ਪਰ ਪ੍ਰਸ਼ਾਸਨ ਇਸ ਤੋਂ ਬੇਖਬਰ ਹੈ। ਪਿੰਡ ਦੇ ਕੁਦਰਤ ਪ੍ਰੇਮੀ ਇਸਦੀ ਸ਼ਿਕਾਇਤ ਅਧਿਕਾਰੀਆਂ ਤੱਕ ਭੇਜ ਚੁੱਕੇ ਹਨ। ਜਾਣਕਾਰ ਸੂਤਰਾਂ ਅਨੁਸਾਰ ਸਰਕਾਰ ਵੱਲੋਂ 3 ਫੁੱਟ ਤੱਕ ਦੀ ਮਿੱਟੀ ਚੁੱਕਣ ਦਾ ਹੁਕਮ ਹੈ। ਜੇਕਰ ਇਸ ਤੋਂ ਉੱਪਰ ਵੱਧ ਮਿੱਟੀ ਚੁੱਕੀ ਜਾਂਦੀ ਹੈ ਤਾਂ ਉਸ ਨੂੰ ਨਾਜਾਇਜ਼ ਮਾਈਨਿੰਗ ਮੰਨਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਪਿੰਡ ਦੇਹਲਾਂ ਸੀਹਾਂ ਦੇ ਇੱਕ ਕਿਸਾਨ ਵੱਲੋਂ ਇੱਕ ਠੇਕੇਦਾਰ ਨੂੰ ਆਪਣੇ ਖੇਤ ਦੀ ਮਿੱਟੀ 3 ਫੁੱਟ ਤੋਂ ਉੱਪਰ ਪੁਟਾ ਕੇ ਮਹਿੰਗੇ ਭਾਅ ਨਾਲ ਵੇਚੀ ਜਾ ਰਹੀ ਹੈ।
ਮੌਕੇ ’ਤੇ ਦੇਖਣ ਨੂੰ ਮਿਲਿਆ ਕਿ ਇਹ ਮਿੱਟੀ ਤਕਰੀਬਨ 8-10 ਫੁੱਟ ਦੇ ਕਰੀਬ ਚੁੱਕੀ ਜਾ ਰਹੀ ਹੈ। ਇਹ ਮਿੱਟੀ ਠੇਕੇਦਾਰ ਵੱਲੋਂ ਸਬੰਧਿਤ ਵਿਭਾਗ ਤੋਂ ਬਿਨਾਂ ਮਨਜ਼ੂਰੀ ਲਏ ਸ਼ਹਿਰ ਦੇ ਸੈਲਰਾਂ ਵਿੱਚ ਮਹਿੰਗੇ ਭਾਅ ’ਤੇ ਵੇਚ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜਦੋਂ ਮਿੱਟੀ ਚੁੱਕਣ ਵਾਲੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਾਅਵਾ ਕਰਦਿਆਂ ਕਿਹਾ ਕਿ ਉਹ ਜੋ ਮਿੱਟੀ ਚੁੱਕ ਰਿਹਾ ਹੈ, ਉਹ ਕਿਸਾਨ ਦੀ ਸਹਿਮਤੀ ਨਾਲ ਚੁੱਕ ਰਿਹਾ ਹੈ।
ਇਸ ਸਬੰਧੀ ਜਦੋਂ ਤਹਿਸੀਲਦਾਰ ਪਰਵੀਨ ਸਿੰਗਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਐੱਸਡੀਐੱਮ ਨਾਲ ਗੱਲ ਕਰਨ ਬਾਰੇ ਕਿਹਾ। ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਕਿਹਾ ਕਿ ਉਹ ਮਸਲੇ ਬਾਰੇ ਐੱਸਡੀਓ ਮਾਈਨਿੰਗ ਨੂੰ ਜਾਂਚ ਕਰਨ ਦੀ ਹਦਾਇਤ ਕਰ ਰਹੇ ਹਨ।