ਮੇਜਰ ਸਿੰਘ ਮੱਟਰਾਂ
ਭਵਾਨੀਗੜ, 15 ਮਈ
ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਪੰਚ ਗੁਰਮੇਲ ਸਿੰਘ ਦੀ ਮੌਜੂਦਗੀ ਵਿੱਚ ਕਰੀਬ 40 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਲਿਆ ਅਤੇ ਅੱਗੇ ਵੀ ਮਿਣਤੀ ਜਾਰੀ ਹੈ। ਇਸ ਮੌਕੇ ਵਿਧਾਇਕ ਭਰਾਜ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਘਰਾਚੋਂ ਵਿਖੇ ਉਕਤ ਜ਼ਮੀਨ ਦਾ ਕਬਜ਼ਾ ਲਿਆ ਗਿਆ ਹੈ। ਉਨ੍ਹਾਂ ਇਸ ਜ਼ਮੀਨ ਨੂੰ ਸਹਿਮਤੀ ਅਤੇ ਸਹਿਯੋਗ ਨਾਲ ਛੱਡਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ। ਇਸ ਸਬੰਧੀ ਗੁਰਮੇਲ ਸਿੰਘ ਸਰਪੰਚ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ ਕਬਜ਼ੇ ਹਟਾਉਣ ਸਬੰਧੀ ਬਹੁਤ ਵਧੀਆ ਫੈਸਲਾ ਕੀਤਾ ਗਿਆ ਹੈ।
ਚੰਦੂਮਾਜਰਾ ਵੱਲੋਂ ਕਬਜ਼ੇ ਹਟਾਉਣ ਦਾ ਵਿਰੋਧ
ਦੇਵੀਗੜ੍ਹ/ਡਕਾਲਾ (ਮੁਖਤਿਆਰ ਸਿਘ ਨੌਗਾਵਾਂ/ ਮਾਨਵਜੋਤ ਭਿੰਡਰ): ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਦੀ ਸ਼ੁਰੂ ਕੀਤੀ ਕਾਰਵਾਈ ਦਾ ਵਿਰੋਧ ਕਰਦਿਆਂ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਗਰੀਬ ਕਿਸਾਨਾਂ ਦੇ ਹੱਕ ਵਿੱਚ ਡੱਟ ਗਏ ਹਨ। ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਕਸਬਾ ਬਲਬੇੜਾ ਵਿਖੇ ਆਖਿਆ ਕਿ ਕਿਸੇ ਵੀ ਕੀਮਤ ਤੇ ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਨਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਾਮਲਾਤ ਜ਼ਮੀਨਾਂ ਤੋਂ ਨਾਜਾਇਜ਼ ਕਬਜੇ ਹਟਾਉਣ ਦੇ ਨਾਮ ’ਤੇ ਗਰੀਬਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂਕਿ ਪੰਜਾਬ ਦੀ ਕਰੋੜਾਂ ਰੁਪਏ ਦੀਆਂ ਕੀਮਤੀ ਜ਼ਮੀਨਾਂ ਰਸੂਖ਼ਦਾਰਾਂ ਵੱਲੋਂ ਨਾਜਾਇਜ਼ ਤੌਰ ’ਤੇ ਕਬਜ਼ੇ ਹੇਠ ਕੀਤੀਆਂ ਹੋਈਆਂ ਹਨ। ਉਨ੍ਹਾਂ ਆਖਿਆ ਕਿ ਇਨ੍ਹਾਂ ਇੱਕ ਜਾਂ ਦੋ ਕਿੱਲਿਆ ਵਾਲੇ ਗਰੀਬ ਕਿਸਾਨਾਂ ਦੇ ਪੁਰਖਿਆਂ ਵੱਲੋਂ ਜੰਗਲ ਅਬਾਦ ਕਰਕੇ ਜ਼ਮੀਨਾਂ ਚਲਦੀਆ ਕੀਤੀਆਂ ਹਨ ਤੇ ਇਹ ਪਰਿਵਾਰ ਪਿਛਲੇ 50 ਸਾਲਾਂ ਤੋਂ ਖੇਤੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਪ੍ਰੰਤੂ ਹੁਣ ਸਰਕਾਰ ਜ਼ਮੀਨਾਂ ਖੋਹ ਕੇ ਜਾਣਬੁਝ ਕੇ ਇਨ੍ਹਾਂ ਪਰਿਵਾਰਾਂ ਦਾ ਉਜਾੜਾ ਕਰਨਾ ਚਾਹੁੰਦੀ ਹੈ। ਸਾਬਕਾ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਇਸ ਮਸਲੇ ਤੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ’ਤੇ ਚੁੱਪੀ ਧਾਰਨ ਦਾ ਇਲਜਾਮ ਲਗਾਉਂਦਿਆਂ ਆਖਿਆ ਕਿ ਮੌਜੂਦਾ ਵਿਧਾਇਕ ਨੂੰ ਸ਼ਾਮਲਾਤ ਜ਼ਮੀਨਾਂ ਦੇ ਮਾਮਲੇ ’ਚ ਹਲਕੇ ਦੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਇਸ ਮੌਕੇ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨਾਲ ਫੋਨ ਤੇ ਵੀ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਗਜੀਤ ਸਿੰਘ ਕੋਹਲੀ ਸਿਆਸੀ ਸਕੱਤਰ ਪ੍ਰੋ.ਚੰਦੂਮਾਜਰਾ, ਯਾਦਵਿੰਦਰ ਬਲਬੇੜਾ, ਯੂਥ ਆਗੂ ਜਤਿੰਦਰ ਪਹਾੜੀਪੁਰ, ਰੂਪੀ ਕੱਕੇਪੁਰ, ਲਖਵਿੰਦਰ ਸਿੰਘ ਅੰਟਾਲ, ਸਤਪਾਲ ਸਿੰਘ, ਰਘਬੀਰ ਸਿੰਘ, ਬਲਵੀਰ ਸਿੰਘ, ਬੰਤ ਸਿੰਘ ਨੰਬਰਦਾਰ ਸਮੇਤ ਹੋਰ ਵੀ ਹਾਜ਼ਰ ਸਨ।
ਆਬਾਦਕਾਰਾਂ ਦਾ ਉਜੜਾ ਬਰਦਾਸ਼ਤ ਨਹੀਂ ਕਰਾਂਗੇ: ਵਿਜੈ ਸਾਂਪਲਾ
ਪਟਿਆਲਾ (ਸਰਬਜੀਤ ਸਿੰਘ ਭੰਗੂ): ‘ਆਪ’ ਸਰਕਾਰ ਵੱਲੋਂ ਸ਼ਾਮਲਾਟ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਚਲਾਈ ਜਾ ਰਹੀ ਮੁਹਿੰਮ ’ਤੇ ਟਿੱਪਣੀ ਕਰਦਿਆਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਇਸ ਦੌਰਾਨ ਕਈ ਕਈ ਦਹਾਕਿਆਂ ਤੋਂ ਕਾਸ਼ਤ ਕਰਨ ਵਾਲ਼ੇ ਐਸਸੀਬੀਸੀ ਪਰਿਵਾਰਾਂ ਨਾਲ ਸਬੰਧਤ ਆਬਾਦਕਾਰਾਂ ਨੂੰ ਨਹੀਂ ਉਜਾੜਿਆ ਜਾਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਅੰਦਰ ਕਈ ਥਾਵਾਂ ’ਤੇ ਦਲਿਤ ਅਤੇ ਪੱਛੜੀਆਂ ਸ਼ੇ੍ਣੀਆਂ ਦੇ ਬਜ਼ੁਰਗਾਂ ਨੇ ਬੰਜਰ ਅਤੇ ਬੇਆਬਾਦ ਜ਼ਮੀਨਾਂ ਨੂੰ ਸਖ਼ਤ ਮਿਹਨਤ ਕਰਕੇ ਆਬਾਦ ਕੀਤਾ ਹੈ। ਪਰ ਹੁਣ ਜੇਕਰ ਅਜਿਹੇ ਪਰਿਵਾਰਾਂ ਨੂੰ ਉਥੋਂ ਉਜਾੜ ਦਿੱਤਾ ਜਾਵੇਗਾ, ਤਾਂ ਇਹ ਚੰਗਾ ਨਹੀਂ ਹੋਵੇਗਾ। ਵਿਜੈ ਸਾਂਪਲਾ ਅੱਜ ਸ਼ਾਮੀ ਇਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ਼ ਗੱਲਬਾਤ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਜੇਕਰ ਆਬਾਦਕਾਰਾਂ ਨੂੰ ਉਜਾੜਿਆ ਗਿਆ,ਤਾਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਇਸ ਦਾ ਗੰਭੀਰ ਨੋਟਿਸ ਲਵੇਗਾ ਤੇੇ ਸਰਕਾਰ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ। ਵਿਜੈ ਸਾਂਪਲਾ ਨੇ ਹੋਰ ਕਿਹਾ ਕਿ ਖੇਤ ਮਜ਼ਦੂਰਾਂ ਦੀ ਦਿਹਾੜੀ ਤੈਅ ਕਰਨਾ ਅਤੇ ਲੇਬਰ ਐਕਟ ਤਹਿਤ ਮਿਹਨਤਾਨਾ ਯਕੀਨੀ ਬਣਾਉਣਾ ਵੀ ਸਰਕਾਰ ਅਤੇ ਲੇਬਰ ਮਹਿਕਮੇ ਦੀ ਜ਼ਿੰਮੇਵਾਰੀ ਹੈ। ਇਸ ਮਾਮਲੇ ’ਚ ਲੇਬਰ ਮਹਿਕਮੇ ਦੇ ਅਧਿਕਾਰੀਆਂ ਨੂੰ ਕਮਿਸ਼ਨ ਜਲਦ ਬੁਲਾਏਗਾ। ਉਨ੍ਹਾਂ ਨੇ ਸੰਗਰੂਰ ਜ਼ਿਲ੍ਹੇ ਦੇ ਅਮਰ ਸਿੰਘ ਨਾਂਮ ਦੇ ਦਲਿਤ ਵਿਅਕਤੀ ਨਾਲ ਧੱਕੇਸ਼ਾਹੀ ਦਾ ਮਾਮਲਾ ਕਮਿਸ਼ਨ ਦੇ ਧਿਆਨ ਵਿਚ ਆਉਣ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇਸ ਮਾਮਲੇ ਦੀ ਸੁਣਾਵਈ ਜਲਦੀ ਕੀਤੀ ਜਾੇਵਗੀ। ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਗੁਰਤੇਜ ਢਿੱਲੋਂ, ਭੁਪੇਸ਼ ਅਗਰਵਾਲ, ਹਰਿੰਦਰ ਕੋਹਲੀ ਵੀ ਮੌਜੂਦ ਸਨ।