ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 29 ਮਈ
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਇੱਥੋਂ ਥੋੜ੍ਹੀ ਦੂਰ ਗੁਰਦੁਆਰਾ ਸਾਹਿਬ ਪਿੰਡ ਕਾਕੜਾ ਵਿੱਚ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਹੋਈ। ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਹਰ ਰੋਜ਼ ਲੋਕਾਂ ਦੇ ਹੱਕ ਖੋਹਣ ਲਈ ਸਾਜ਼ਿਸ਼ਾਂ ਘੜ ਰਹੀਆਂ ਹਨ, ਇਸ ਲਈ ਆਪਣੇ ਹੱਕ ਲੈਣ ਲਈ ਸੰਘਰਸ਼ ਲੜਨ ਲਈ ਲੋਕਾਂ ਦਾ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ।
ਸੂਬਾਈ ਪ੍ਰਧਾਨ ਡੱਲੇਵਾਲ ਨੇ ਕਿਹਾ ਕਿ 22 ਕਿਸਾਨ ਜਥੇਬੰਦੀਆਂ ਦੇ ਚੋਣਾਂ ਲੜਨ ਵਾਲੇ ਆਗੂ ਕਿਸਾਨਾਂ ਦੇ ਹਿੱਤਾਂ ਨੂੰ ਛੱਡ ਕੇ ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਆ ਗਏ ਸਨ। ਦੂਜੇ ਪਾਸੇ ਪੂਰੇ ਦੇਸ਼ ਦੀਆਂ ਉਹ 450 ਜਥੇਬੰਦੀਆਂ ਦਾ ਸਮੂਹ ਅਸਲੀ ਸੰਯੁਕਤ ਕਿਸਾਨ ਮੋਰਚਾ ਹੈ ਜੋ ਗੈਰ-ਰਾਜਨੀਤਕ ਰਹਿ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਸੂਬਾਈ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਖੇਤੀ ਮੰਤਰੀ ਆਪਣੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਸਮਝਣ ਕਿ ਕਿਸਾਨ ਹੀ ਇਨ੍ਹਾਂ ਜ਼ਮੀਨਾਂ ਦੇ ਮਾਲਕ ਹਨ ਕਿਉਂਕਿ ਇਹ ਜ਼ਮੀਨਾਂ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਵਿੱਚੋਂ ਕਿਸਾਨਾਂ ਨੇ ਆਪ ਹੀ ਸਾਂਝੇ ਕੰਮਾਂ ਲਈ ਛੱਡੀਆਂ ਸਨ। ਬੁਲਾਰਿਆਂ ਨੇ ਪੰਜਾਬ ਭਰ ਵਿੱਚ ਯੂਨੀਅਨ ਨੂੰ ਜਥੇਬੰਦਕ ਪੱਖੋਂ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ, ਰਣ ਸਿੰਘ ਚੱਠਾ, ਗੁਰਬਖਸ਼ੀਸ਼ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।