ਪੱਤਰ ਪ੍ਰੇਰਕ
ਭਵਾਨੀਗੜ੍ਹ, 29 ਨਵੰਬਰ
ਇੱਥੋਂ ਨੇੜਲੇ ਪਿੰਡ ਆਲੋਅਰਖ ਵਿੱਚ ਵਿਆਹੀ ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ। ਪੁਲੀਸ ਨੇ ਮ੍ਰਿਤਕਾ ਦੇ ਪਤੀ ਸਮੇਤ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਥਾਣਾ ਮੁਖੀ ਭਵਾਨੀਗੜ੍ਹ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਮਨਿੰਦਰ ਸਿੰਘ ਵਾਸੀ ਦੁਗਾਲ ਕਲਾਂ ਨੇ ਪੁਲੀਸ ਨੂੰ ਸ਼ਿਕਾਇਤ ਲਿਖਾਈ ਕਿ ਉਸ ਦੀ ਭੈਣ ਰਾਜਵਿੰਦਰ ਕੌਰ ਉਰਫ ਡਿੰਪਲ ਰਾਣੀ ਦਾ ਵਿਆਹ 11 ਸਾਲ ਪਹਿਲਾਂ ਲਖਵਿੰਦਰ ਸਿੰਘ ਵਾਸੀ ਆਲੋਅਰਖ ਨਾਲ ਹੋਇਆ ਸੀ। ਵਿਆਹ ਤੋਂ 5 ਸਾਲ ਬਾਅਦ ਵੀ ਉਸ ਦੀ ਭੈਣ ਕੋਲ ਕੋਈ ਬੱਚਾ ਨਾ ਹੋਣ ਕਾਰਨ ਸਹੁਰਾ ਪਰਿਵਾਰ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਫਿਰ ਉਸ ਨੇ ਆਪਣੀ ਭੈਣ ਦਾ ਇਲਾਜ ਖੁਦ ਕਰਵਾਇਆ ਜਿਸ ਤੋੰ ਬਾਅਦ ਉਸ ਦੀ ਭੈਣ ਕੋਲ ਦੋ ਜੁੜਵਾ ਲੜਕੇ ਹੋਏ ਜੋ ਹੁਣ 6 ਸਾਲ ਦੇ ਹਨ। ਸ਼ਿਕਾਇਤ ’ਚ ਮਨਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਲਖਵਿੰਦਰ ਸਿੰਘ ਉਸ ਦੀ ਭੈਣ ਨੂੰ ਫਿਰ ਵੀ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਬਾਰੇ ਉਸਦੀ ਭੈਣ ਰਾਜਵਿੰਦਰ ਕੌਰ ਅਕਸਰ ਦੱਸਦੀ ਰਹਿੰਦੀ ਸੀ। ਇਸ ਦੌਰਾਨ ਬੀਤੇ ਕੱਲ੍ਹ ਰਾਜਵਿੰਦਰ ਕੌਰ ਦੀ ਵਿਚੋਲਣ ਦਾ ਉਸਨੂੰ ਫੋਨ ਆਇਆ ਕਿ ਰਾਜਵਿੰਦਰ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਰਾਜਵਿੰਦਰ ਕੌਰ ਦੇ ਪਤੀ ਲਖਵਿੰਦਰ ਸਿੰਘ, ਸਹੁਰੇ ਰਾਮ ਸਿੰਘ ਤੇ ਸੱਸ ਰਾਮ ਮੂਰਤੀ ਨੇ ਉਸਦੀ ਭੈਣ ਨੂੰ ਮਰਨ ਲਈ ਮਜਬੂਰ ਕੀਤਾ ਹੈ।
ਥਾਣਾ ਮੁਖੀ ਸਮਰਾਓ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਮਨਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਲਖਵਿੰਦਰ ਸਿੰਘ (ਪਤੀ), ਰਾਮ ਸਿੰਘ (ਸਹੁਰਾ) ਅਤੇ ਰਾਮ ਮੂਰਤੀ (ਸੱਸ) ਖ਼ਿਲਾਫ਼ ਕੇਸ ਦਰਜ ਕਰ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਅਜੇ ਪੁਲੀਸ ਗ੍ਰਿਫ਼ਤ ਤੋਂ ਬਾਹਰ ਹਨ, ਇਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।