ਬੀਰਬਲ ਰਿਸ਼ੀ
ਸ਼ੇਰਪੁਰ, 20 ਅਕਤੂਬਰ
ਨੇੜਲੇ ਪਿੰਡ ਭਗਵਾਨਪੁਰਾ ਵਿੱਚ ਕਾਗਜ਼ਾਂ ‘ਚ ਹੱਡਾਰੋੜੀ ਲਈ ਕੱਟੀ ਜਗ੍ਹਾ ਵਿੱਚ ਧਾਰਮਿਕ ਸਥਾਨ ਬਣਾਏ ਜਾਣ ਤੋਂ ਧੜਿਆਂ ਵਿੱਚ ਵੰਡੇ ਗਏ ਪਿੰਡ ਦਾ ਮਾਮਲਾ ਭਖ ਗਿਆ ਹੈ। ਇਸ ਮਾਮਲੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪਿੰਡ ਦੀਆਂ ਚਾਰ ਔਰਤਾਂ ਕਰਮਜੀਤ ਕੌਰ, ਗੁਰਜੀਤ ਕੌਰ, ਸਰਬਜੀਤ ਕੌਰ ਤੇ ਮਨਜੀਤ ਕੌਰ ਇਨਸਾਫ਼ ਪ੍ਰਾਪਤੀ ਲਈ ਵਾਟਰ ਵਰਕਸ ‘ਤੇ ਜਾ ਚੜ੍ਹੀਆਂ। ਯਾਦ ਰਹੇ ਕਿ ਬੀਤੀ ਦਿਨੀਂ ਪੰਚਾਇਤ ਨੇ ਜਗ੍ਹਾ ‘ਤੇ ਨਾਜਾਇਜ਼ ਕਬਜ਼ਾ ਕੀਤੇ ਜਾਣ ਦੇ ਦੋਸ਼ ਲਾਉਂਦਿਆਂ ਸਟੇਟਸ-ਕੋਅ ਪ੍ਰਾਪਤ ਕੀਤੀ ਸੀ ਜਿਸ ਤੋਂ ਦਲਿਤ ਭਾਈਚਾਰੇ ਦੇ ਕਈ ਲੋਕ ਖਫ਼ਾ ਸਨ।
ਟੈਂਕੀ ‘ਤੇ ਚੜ੍ਹੀਆਂ ਔਰਤਾਂ ਨਾਲ ਭਾਵੇਂ ਸਿੱਧੀ ਗੱਲ ਤਾਂ ਸੰਭਵ ਨਹੀਂ ਹੋ ਸਕੀ ਪਰ ਸੰਘਰਸ਼ਸ਼ੀਲ ਔਰਤਾਂ ਦੇ ਹਵਾਲੇ ਨਾਲ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜਿੱਥੇ ਨਿਸ਼ਾਨ ਸਾਹਿਬ ਲਗਾ ਦਿੱਤੇ ਹਨ ਉੱਥੇ ਗੁਰੂ ਰਵਿਦਾਸ ਭਗਤ ਦੇ ਨਾਮ ‘ਤੇ ਗੁਰਦੁਆਰਾ ਬਣਾਏ ਜਾਣ ਦੀ ਮਨਜ਼ੂਰੀ ਦੇਣ ਮਗਰੋਂ ਹੀ ਉਹ ਹੇਠਾਂ ਉਤਰਨਗੀਆਂ। ਉੱਧਰ ਦੋਵੇਂ ਧਿਰਾਂ ਦਰਮਿਆਨ ਹੋਈ ਗੱਲਬਾਤ ਦੇ ਵੇਰਵੇ ਦਿੰਦਿਆਂ ਦੂਜੀ ਧਿਰ ਨਾਲ ਸਬੰਧਤ ਸਾਬਕਾ ਸਰਪੰਚ ਪਵਨ ਕੁਮਾਰ ਨੇ ਦਾਅਵਾ ਕੀਤਾ ਕਿ ਖਸਰਾ ਨੰਬਰ 410 ‘ਤੇ ਧਾਰਮਿਕ ਸਥਾਨ ਬਣਾਏ ਜਾਣ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਕਾਨੂੰਨੀ ਨੁਕਤੇ ਸਾਂਝੇ ਕਰਨੇ ਬਾਕੀ ਸਨ। ਉਂਜ ਹੱਡਾਰੋੜੀ ਦੇ ਨਾਮ ‘ਤੇ ਕੱਟੀ ਹੋਈ ਜਗ੍ਹਾ ‘ਤੇ ਕਬਜ਼ੇ ਸਬੰਧੀ ਵਿਭਾਗ ਵੱਲੋਂ ਪੰਚਾਇਤ ਨੂੰ ਕਾਰਵਾਈ ਲਈ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ। ਬਸਪਾ ਕਾਰਕੁਨ ਮਨਜੀਤ ਸਿੰਘ ਖੇੜੀ ਨੇ ਹੱਡਾਰੋੜੀ ਵਿੱਚ ਧਾਰਮਿਕ ਸਥਾਨ ਬਣਾਏ ਜਾਣ ਦੀ ਕੀਤੀ ਪੇਸ਼ਕਸ਼ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਹੱਡਾਰੋੜੀ ਮਹਿਜ਼ ਕਾਗਜ਼ਾਂ ਵਿੱਚ ਹੈ ਪਰ ਇਸ ਜਗ੍ਹਾ ‘ਤੇ ਕੋਈ ਮੁਰਦਾ ਪਸ਼ੂ ਨਹੀਂ ਲਿਆਂਦੇ ਜਾਂਦੇ।
ਮੌਕੇ ‘ਤੇ ਪਹੁੰਚੇ ਐੱਸਡੀਐੱਮ ਲਤੀਫ਼ ਅਹਿਮਦ, ਬੀਡੀਪੀਓ ਜੁਗਰਾਜ ਸਿੰਘ ਤੇ ਐੱਸਐੱਚਓ ਯਾਦਵਿੰਦਰ ਸਿੰਘ ਵੱਲੋਂ ਵਾਟਰ ਵਰਕਸ ‘ਤੇ ਦੁਪਹਿਰ ਤੋਂ ਭੁੱਖਣਭਾਣੇ ਬੈਠੀਆਂ ਬੀਬੀਆਂ ਨੂੰ ਹੇਠਾਂ ਉਤਾਰਨ ਲਈ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਖ਼ਬਰ ਲਿਖੇ ਜਾਣ ਤੱਕ ਗੱਲਬਾਤ ਜਾਰੀ ਸੀ। ਐੱਸਡੀਐੱਮ ਧੂਰੀ ਨੇ ਦੱਸਿਆ ਕਿ ਵਾਟਰ ਵਰਕਸ ‘ਤੇ ਚੜ੍ਹੀਆਂ ਬੀਬੀਆਂ ਇਸ ਗੱਲ ਲਈ ਬਜ਼ਿੱਦ ਹਨ ਕਿ ਜਿੱਥੇ ਨਿਸ਼ਾਨ ਸਾਹਿਬ ਲਗਾਏ ਗਏ ਹਨ ਉਥੇ ਹੀ ਗੁਰਦੁਆਰਾ ਬਣਾਇਆ ਜਾਵੇ ਅਤੇ ਮਸਲੇ ਦੇ ਹੱਲ ਲਈ ਹੁਣ ਦੋਵੇਂ ਧਿਰਾਂ ਨਾਲ ਗੱਲਬਾਤ ਚੱਲ ਰਹੀ ਹੈ।