ਬੀਰਬਲ ਰਿਸ਼ੀ
ਸ਼ੇਰਪੁਰ, 1 ਫਰਵਰੀ
ਹਲਕਾ ਧੂਰੀ ਦੇ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਭਾਵੇਂ ਜਿੱਤ ਹਾਰ ਵਾਹਿਗੁਰੂ ਦੇ ਹੱਥ ਹੈ ਪਰ ਚੋਣਾਂ ਮਗਰੋਂ ਹਲਕਾ ਧੂਰੀ ਦੇ ਪੰਜ ਸੌ ਬੇਘਰੇ ਪਰਿਵਾਰਾਂ ਨੂੰ (ਵਨ ਰੂਮ ਸੈਟ) ਘਰ ਬਣਾ ਕੇ ਦੇਣਗੇ ਅਤੇ ਇਸ ਸਮੇਤ ਆਪਣੇ ਚੋਣ ਮੈਨੀਫੈਸਟੋ ਵਿੱਚ ਦਰਜ ਵਾਅਦਿਆਂ ਨੂੰ ਉਹ ਕਾਨੂੰਨੀ ਦਸਤਾਵੇਜ਼ ਵੀ ਬਣਾਉਣ ਜਾ ਰਹੇ ਹਨ। ਬਲਾਕ ਸ਼ੇਰਪੁਰ ਦੇ ਪਿੰਡ ਕਾਤਰੋਂ ਵਿੱਚ ਅੱਜ ਸਵੇਰੇ ਸਰਪੰਚ ਬਹਾਦਰ ਸਿੰਘ ਬਾਗੜੀ ਦੀ ਅਗਵਾਈ ਹੇਠ ਆਪਣੇ ਸੈਂਕੜੇ ਸਮਰਥਕਾਂ ਸਮੇਤ ਵੱਖ-ਵੱਖ ਪੱਤੀਆਂ ਵਿੱਚ ਰੱਖੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਪਿੰਡ ਵਿੱਚ ਪੈਦਲ ਤੁਰ ਕੇ ਲੋਕਾਂ ਤੋਂ ਆਪਣੇ ਕੰਮਾਂ ਦੇ ਅਧਾਰ ’ਤੇ ਵੋਟਾਂ ਦੀ ਮੰਗ ਕੀਤੀ। ਪਿੰਡ ਕਾਤਰੋਂ ’ਚ ਵਿਧਾਇਕ ਖੰਗੂੜਾ ਢੋਲ ਮਾਰਚ ਨਾਲ ਪੈਦਲ ਪਹਿਲਾਂ ਡੇਰਾ ਸਾਹਿਬ ਜੇਜੀ ਪੱਤੀ, ਗੁਰਦੁਆਰਾ ਗੰਗਸਰ ਸਾਹਿਬ ਬਾਗੜੀ ਪੱਤੀ, ਰਵੀਦਾਸੀਆ ਗੁਰਦੁਆਰਾ, ਮਸਜਿਦ, ਟਿੱਬੀ ਸਾਹਿਬ ਗੁਰਦੁਆਰਾ ਕਿਲਾ ਪੱਤੀ ਹੁੰਦੇ ਹੋਏ ਡਾਕਟਰ ਭੀਮ ਰਾਓ ਅੰਬੇਦਕਾਰ ਪਾਰਕ ਪਹੁੰਚੇ। ਇਸ ਮੌਕੇ ਲੱਡੂਆਂ, ਬਰਫ਼ੀ ਦੀ ਰਵਾਇਤ ਦੇ ਉਲਟ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕਿਤਾਬਾਂ ਨਾਲ ਤੋਲਿਆ ਗਿਆ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀਆਂ ਗਈਆਂ। ਉਨ੍ਹਾਂ ਚੋਣ ਕਾਫ਼ਲੇ ਵਿੱਚ ਨਿੱਜੀ ਸਹਾਇਕ ਇੰਦਰਜੀਤ ਸਿੰਘ ਕੱਕੜਵਾਲ, ਯੂਥ ਕਾਂਗਰਸੀ ਆਗੂ ਕਾਕਾ ਤੂਰ ਆਦਿ ਹਾਜ਼ਰ ਸਨ।
ਸ਼ੇਰਪੁਰ ’ਚ ਬੀਬੀ ਘਨੌਰੀ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ
ਹਲਕਾ ਮਹਿਲ ਕਲਾਂ (ਰਾਖਵਾਂ) ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਅੱਜ ਸ਼ੇਰਪੁਰ ਸਥਿਤ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਆਪਣੀ ਸ਼ਾਨਾਮੱਤੀ ਜਿੱਤ ਦਾ ਦਾਅਵਾ ਕੀਤਾ। ਬੀਬੀ ਘਨੌਰੀ ਨੇ ਕਿਹਾ ਉਹ ਦੋ ਦਿਨਾਂ ਤੋਂ ਪਾਰਟੀ ਦੇ ਨਾਰਾਜ਼ ਆਗੂਆਂ ਦੇ ਘਰ-ਘਰ ਜਾ ਕੇ ਆਏ ਹਨ ਅਤੇ ਜੇਕਰ ਲੋੜ ਪਈ ਤਾਂ ਉਹ ਦੁਬਾਰਾ ਵੀ ਜਾਣਗੇ। ਇਸ ਮੌਕੇ ਕਾਂਗਰਸ ਦੇ ਜ਼ੋਨ ਇੰਚਾਰਜ ਸਰਪੰਚ ਰਣਜੀਤ ਸਿੰਘ ਧਾਲੀਵਾਲ, ਯੂਥ ਕਾਂਗਰਸ ਆਗੂ ਬੀਬੀ ਬਬਲੀ ਸੀਮਾ, ਸਾਬਕਾ ਪੰਚ ਬਹਾਦਰ ਸਿੰਘ, ਮਾਸਟਰ ਗੁਰਨਾਮ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਹੇੜੀਕੇ, ਬਲੀ ਅਲੀਪੁਰ ਆਦਿ ਹਾਜ਼ਰ ਸਨ।