ਪੱਤਰ ਪ੍ਰੇਰਕ
ਭਵਾਨੀਗੜ੍ਹ, 16 ਅਗਸਤ
ਪਿੰਡ ਖੇੜੀ ਗਿੱਲਾਂ ਵਿੱਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਪਿੰਡ ਇਕਾਈ ਦੇ ਆਗੂ ਛਿੰਦਾ ਸਿੰਘ, ਜਗਤਾਰ ਸਿੰਘ ਰਿੰਕੂ ਅਤੇ ਬੱਬੂ ਸਿੰਘ ਦੀ ਅਗਵਾਈ ਹੇਠ ਪਲਾਟ ਅਲਾਟ ਕਰਵਾਉਣ ਲਈ ਚੱਲ ਰਹੇ ਦਿਨ ਰਾਤ ਦੇ ਪੱਕੇ ਮੋਰਚੇ ਨੂੰ ਸਮਾਪਤ ਕੀਤਾ ਗਿਆ। ਫ਼ਤਹਿ ਮੋਰਚੇ ’ਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 19 ਜੁਲਾਈ ਨੂੰ ਪਲਾਟ ਅਲਾਟ ਕਰਵਾਉਣ ਲਈ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਅੱਗੇ ਧਰਨਾ ਲਾਉਣ ਉਪਰੰਤ ਖੇਤ ਮਜ਼ਦੂਰਾਂ ਨੇ ਰੋਸ ਜ਼ਾਹਰ ਕਰਦਿਆਂ ਪਿੰਡ ਖੇੜੀ ਗਿੱਲਾਂ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਸੀ। ਮੋਰਚੇ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਅਤੇ ਪ੍ਰਗਟ ਸਿੰਘ ਕਾਲਾਝਾੜ ਨਾਲ ਐੱਸਡੀਐੱਮ ਵਿਨੀਤ ਕੁਮਾਰ, ਡੀਐੱਸਪੀ ਮੋਹਿਤ ਅਗਰਵਾਲ, ਬੀਡੀਪੀਓ ਮਨਜੀਤ ਸਿੰਘ ਢੀਂਡਸਾ ਅਤੇ ਹਰਮੇਲ ਸਿੰਘ ਪਟਵਾਰੀ ਸਮੇਤ ਹੋਰ ਅਧਿਕਾਰੀਆਂ ਨਾਲ ਗੱਲਬਾਤ ਦਾ ਦੌਰ ਚੱਲਿਆ ਜਿਸ ਦੌਰਾਨ ਪਿੰਡ ਮਸਾਣੀ ਵਿੱਚ 8 ਅਗਸਤ ਨੂੰ 54 ਪਲਾਟਾਂ ਅਤੇ 11 ਅਗਸਤ ਨੂੰ ਖੇੜੀ ਗਿੱਲਾਂ ਵਿੱਚ 86 ਪਲਾਟਾਂ ਦਾ ਕਬਜ਼ਾ ਖੇਤ ਮਜ਼ਦੂਰਾਂ ਨੂੰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪਲਾਟਾਂ ਦੀਆਂ ਨੀਹਾਂ ਭਰਨ ਅਤੇ ਆਪਣਾ ਕਬਜ਼ਾ ਲੈਣ ਉਪਰੰਤ ਅੱਜ ਜਿੱਤ ਦੇ ਜਸ਼ਨ ਮਨਾਉਂਦਿਆਂ ਮੋਰਚਾ ਸਮਾਪਤ ਕਰ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਇਕਾਈ ਆਗੂ ਸੁਖਚੈਨ ਸਿੰਘ ਮਸਾਣੀ, ਬਲਵਿੰਦਰ ਸਿੰਘ ਮਜ਼ਾਕ ਤੇ ਜਰਨੈਲ ਸਿੰਘ ਸਦਰਪੁਰਾ ਹਾਜ਼ਰ ਸਨ।