ਰਮੇਸ਼ ਭਾਰਦਵਾਜ
ਲਹਿਰਾਗਾਗਾ, 21 ਮਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਤੋਂ ਚਾਰ ਸਾਲ ਮਗਰੋਂ ਲੋਕਾਂ ਦਾ ਮੋਹ ਭੰਗ ਹੋਇਆ ਸੀ, ਪਰ ਆਮ ਆਦਮੀ ਪਾਰਟੀ ਤੋਂ ਦੋ ਮਹੀਨੇ ’ਚ ਹੀ ਇਹ ਮੋਹ ਭੰਗ ਹੋਣ ਲੱਗਾ ਹੈ। ਇੱਥੇ ਸਾਬਕਾ ਮੁੱਖ ਮੰਤਰੀ ਦੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਸੁਨਾਮ ਰੋਡ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵੜਿੰਗ ਨੇ ਕਿਹਾ ਕਿ ਸ੍ਰੀ ਜਾਖੜ ਦਾ ਭਾਜਪਾ ’ਚ ਜਾਣ ਬਾਰੇ ਸਮਝੌਤਾ ਛੇ ਮਹੀਨੇ ਪਹਿਲਾਂ ਹੋ ਚੁੱਕਾ ਸੀ।
ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਪਾਰਟੀ ਦੇ ਸਨਮਾਨਿਤ ਨੇਤਾ ਹਨ ਅਤੇ ਉਹ ਅਦਾਲਤ ਦਾ ਪੂਰਾ ਸਨਮਾਨ ਕਰਦੇ ਹਨ ਤੇ ਪਾਰਟੀ ਉਨ੍ਹਾਂ ਨਾਲ ਖੜ੍ਹੇਗੀ। ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਸ੍ਰੀ ਜਾਖੜ ਦੇ ਜ਼ਿਮਨੀ ਚੋਣ ਲੜਨ ਦੀਆਂ ਕਿਆਸ-ਅਰਾਈਆਂ ਬਾਰੇ ਕਿਹਾ ਕਿ ‘ਜਾਖੜ ਸਾਹਿਬ ਤਿੰਨ ਵਾਰ ਐੱਮਪੀ ਦੀ ਸੀਟ ਤੋਂ ਹਾਰੇ ਹਨ, ਉਹ ਵੀ ਲੱਖਾਂ ਵੋਟਾਂ ਨਾਲ। ਹੁਣ ਚੌਥੀ ਵਾਰ ਐੱਮਪੀ ਵਾਲਾ ਚਾਅ ਪੂਰਾ ਕਰ ਲੈਣ।’ ਉਨ੍ਹਾਂ ਕਿਹਾ ਕਿ ਜੋ 50 ਸਾਲ ਪਾਰਟੀ ਨਾਲ ਜੁੜਿਆ ਰਿਹਾ, ਹੁਣ ਪਾਰਟੀ ਛੱਡ ਦੇਵੇ ਤਾਂ ਉਸ ਨੂੰ ਅਸੀਂ ਦੋਗਲਾ ਜਾਂ ਗ਼ੱਦਾਰ ਹੀ ਕਹਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਸੰਗਰੂਰ ਤੋਂ ਜਿਸ ਉਮੀਦਵਾਰ ਨੂੰ ਖੜ੍ਹਾ ਕਰੇਗੀ, ਉਸਨੂੰ ਜਿਤਾਉਣ ਲਈ ਸਾਰੇ ਕਾਂਗਰਸੀ ਜੀਅ ਜਾਨ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਥਾਂ ਨੌਕਰੀਆਂ ਖੋਹ ਕੇ 1766 ਰਿਟਾਇਰ ਬਜ਼ੁਰਗ ਪਟਵਾਰੀਆਂ ਨੂੰ ਲਾਇਆ ਜਾ ਰਿਹਾ ਹੈ ਜੋ ਨੌਜਵਾਨਾਂ ਨਾਲ ਸਰਾਸਰ ਧੋਖਾ ਹੈ। ਇਸ ਮੌਕੇ ਬੀਬੀ ਰਜਿੰਦਰ ਕੌਰ ਭੱਠਲ ਨੇ ਕਾਂਗਰਸ ਪ੍ਰਧਾਨ ਨੂੰ ਹਰ ਪੱਖ ਤੋਂ ਸਹਿਯੋਗ ਦੇਣ ਅਤੇ ਕਾਂਗਰਸ ਨੂੰ ਮੁੜ ਲੀਹ ’ਤੇ ਲਿਆਉਣ ਲਈ ਸੰਪਰਕ ਮੀਟਿੰਗਾਂ ਕਰਨ ਵਾਸਤੇ ਧੰਨਵਾਦ ਕੀਤਾ।