ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਜੁਲਾਈ
ਵਿਧਾਇਕ ਮਾਲੇਰਕੋਟਲਾ ਡਾ. ਜ਼ਮੀਲ ਉਰ ਰਹਿਮਾਨ ਨੇ ਪਿੰਡ ਮਾਣਕਹੇੜੀ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਠੋਸ ਰਹਿੰਦ-ਖੂੰਹਦ ਤੇ ਕੂੜੇ ਕਰਕਟ ਦੇ ਪ੍ਰਭਾਵੀ ਪ੍ਰਬੰਧਨ ਤੇ ਨਬਿੇੜੇ ਲਈ ਪੇਂਡੂ ਖੇਤਰ ਵਿੱਚ ਮਾਲੇਰਕੋਟਲਾ ਜ਼ਿਲ੍ਹੇ ਦੇ ਤੀਜੇ ਪਲਾਂਟ ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦਾ ਜੀਵਨ ਸੁਖਾਲਾ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਆਪਸੀ ਸਾਂਝ ਦੁਆਰਾ ਠੋਸ ਰਹਿੰਦ-ਖੂੰਹਦ ਦਾ ਢੁਕਵਾਂ ਅਤੇ ਪ੍ਰਭਾਵੀ ਪ੍ਰਬੰਧਨ ਸਮੇਂ ਦੀ ਮੁੱਖ ਲੋੜ ਹੈ। ਲੋਕ ਆਪਣੇ ਘਰਾਂ ਵਿੱਚ ਹੀ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰ ਕੇ ਉਸ ਦਾ ਨਬਿੇੜਾ ਕਰ ਸਕਦੇ ਹਨ। ਇਸ ਨੂੰ ਸਫ਼ਲ ਬਣਾਉਣ ‘ਚ ਪੰਚਾਇਤਾਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਸਵੱਛ ਭਾਰਤ ਗ੍ਰਾਮੀਣ ਤੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਪ੍ਰਾਪਤ ਕਰ ਕੇ ਆਪਣੇ ਪਿੰਡਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰਣਾਲੀਆਂ ਸਥਾਪਤ ਕਰਨ ਨੂੰ ਤਰਜ਼ੀਹ ਦੇਣ। ਸਭਨਾਂ ਨੂੰ ਘਰਾਂ ਦਾ ਸੁੱਕਾ ਅਤੇ ਗਿੱਲਾ ਕੂੜਾ ਕਰਕਟ ਸਫ਼ਾਈ ਸੇਵਕ ਨੂੰ ਵੱਖ ਵੱਖ ਕਰ ਕੇ ਦੇਣਾ ਚਾਹੀਦਾ ਹੈ। ਪਿੰਡ ਦੀ ਸਰਪੰਚ ਫ਼ਰੋਜ਼ ਨੇ ਦੱਸਿਆ ਕਿ 1464 ਆਬਾਦੀ ਵਾਲੇ ਪਿੰਡ ਵਿੱਚ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਕਰੀਬ 225 ਘਰ ਕੂੜੇ ਨੂੰ ਵੱਖ ਕਰਨ ਦੀ ਮੁਹਿੰਮ ਦਾ ਹਿੱਸਾ ਬਣਨਗੇ। ਗਿੱਲੇ ਕੂੜੇ ਤੋਂ ਖਾਦ ਬਣਾਈ ਜਾਵੇਗੀ ਅਤੇ ਸੁੱਕਾ ਕੂੜਾ ਰੀਸਾਈਕਲਰ ਨੂੰ ਵੇਚਿਆ ਜਾਵੇਗਾ। ਹਰ ਘਰ ਤੋਂ ਕੂੜਾ ਇਕੱਠਾ ਕਰਨ ਵਾਲੇ ਸਫ਼ਾਈ ਸੇਵਕ ਨੂੰ 50 ਰੁਪਏ ਪ੍ਰਤੀ ਮਹੀਨੇ ਦਿੱਤਾ ਜਾਵੇਗਾ। ਗ੍ਰਾਮ ਪੰਚਾਇਤ ਖਾਦ ਅਤੇ ਸੁੱਕਾ ਕੂੜਾ ਵੇਚ ਕੇ ਇਹ ਪ੍ਰਾਜੈਕਟ ਚਲਾਵੇਗੀ।