ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਸਤੰਬਰ
ਦਿ ਬਾਲੀਆਂ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦੀ ਕਥਿਤ ਤੌਰ ’ਤੇ ਅੰਦਰਖਾਤੇ ਸਿਰਫ਼ ‘ਕਾਗਜ਼ਾਂ’ ’ਚ ਹੋਈ ਚੋਣ ਖ਼ਿਲਾਫ਼ ਲੋਕ ਰੋਹ ਸ਼ਾਂਤ ਨਹੀਂ ਹੋਇਆ ਹੈ। ਪਿਛਲੇ ਸੱਤ ਦਿਨਾਂ ਤੋਂ ਬਾਲੀਆਂ ਸੁਸਾਇਟੀ ਨੂੰ ਜਿੰਦਾ ਲਗਾ ਕੇ ਰੋਸ ਧਰਨੇ ’ਤੇ ਡਟੇ ਪਿੰਡ ਬਾਲੀਆਂ, ਰੂਪਾਹੇੜੀ ਅਤੇ ਲੱਡੀ ਦੇ ਲੋਕਾਂ ਵਲੋਂ ਬਣਾਈ ਐਕਸ਼ਨ ਕਮੇਟੀ ਨੇ ਭਲਕੇ 21 ਸਤੰਬਰ ਤੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਅੱਗੇ ਦਿਨ-ਰਾਤ ਦੇ ਪੱਕੇ ਰੋਸ ਧਰਨੇ ’ਤੇ ਡਟਣ ਦਾ ਐਲਾਨ ਕੀਤਾ ਹੈ।
ਲੋਕਾਂ ਨੇ 16 ਸਤੰਬਰ ਨੂੰ ਇਥੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਲਗਾ ਦਿੱਤਾ ਸੀ ਜਿਸ ਕਾਰਨ ਪਟਿਆਲਾ ਗੇਟ ਬਾਜ਼ਾਰ ਵਿਚ ਸਾਰਾ ਦਿਨ ਆਵਾਜਾਈ ਠੱਪ ਰਹੀ। ਉਸ ਦਿਨ ਸ਼ਾਮ ਨੂੰ ਡਿਪਟੀ ਕਮਿਸ਼ਨਰ ਰਾਮਵੀਰ ਨੇ ਐੱਸਡੀਐੱਮ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਅਤੇ ਐਕਸ਼ਨ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿੱਤਾ ਸੀ ਕਿ ਸੋਮਵਾਰ ਤੱਕ ਜਾਂਚ ਮੁਕੰਮਲ ਕਰਕੇ ਨਿਪਟਾਰਾ ਕਰ ਦਿੱਤਾ ਜਾਵੇਗਾ। ਡੀਸੀ ਦੇ ਭਰੋਸੇ ਮਗਰੋਂ ਐਕਸ਼ਨ ਕਮੇਟੀ ਨੇ ਸਹਾਇਕ ਰਜਿਸਟਰਾਰ ਦੇ ਦਫ਼ਤਰ ਅੱਗਿਓਂ ਧਰਨਾ ਖਤਮ ਕਰ ਦਿੱਤਾ ਸੀ ਅਤੇ ਐਲਾਨ ਕੀਤਾ ਸੀ ਕਿ ਸੁਸਾਇਟੀ ਨੂੰ ਲਗਾਇਆ ਜਿੰਦਾ ਨਹੀਂ ਖੁੱਲ੍ਹੇਗਾ ਅਤੇ ਸੁਸਾਇਟੀ ਅੱਗੇ ਰੋਸ ਧਰਨਾ ਜਾਰੀ ਰਹੇਗਾ। ਅੱਜ ਸ਼ਾਮ ਐਕਸ਼ਨ ਕਮੇਟੀ ਦੇ ਆਗੂਆਂ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ ਅਤੇ ਕੇਵਲ ਸਿੰਘ ਬਾਲੀਆਂ ਨੇ ਦੱਸਿਆ ਕਿ ਇਨਸਾਫ਼ ਦੇਣ ਦੀ ਮਿਆਦ ਅੱਜ ਖ਼ਤਮ ਹੋ ਗਈ ਹੈ ਅਤੇ ਭਲਕੇ ਤੋਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਅੱਗੇ ਬੇਮਿਆਦੀ ਪੱਕਾ ਰੋਸ ਧਰਨਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਚੋਣ ਰੱਦ ਕਰਕੇ ਇਨਸਾਫ਼ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਪੱਕਾ ਰੋਸ ਧਰਨਾ ਜਾਰੀ ਰਹੇਗਾ।