ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਅਕਤੂਬਰ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਸਖੀ ਵਨ ਸਟਾਪ ਸੈਂਟਰ ਨਾਲ ਸਬੰਧਤ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਲਈ ਯੂਨਾਈਟਿਡ ਨੇਸ਼ਨਜ਼ ਵਿਮੈਨ ਅਤੇ ਸੋਸ਼ਲ ਡਿਵੈਲਪਮੈਂਟ ਰਿਸਰਚ ਐਕਸ਼ਨ ਗਰੁੱਪ ਦੇ ਸਹਿਯੋਗ ਨਾਲ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਮਕਸਦ ਕਰੋਨਾ ਮਹਾਮਾਰੀ ਤੋਂ ਬਾਅਦ ਸਖੀ ਵਨ ਸਟਾਪ ਸੈਂਟਰਾਂ ਨੂੰ ਮੁੜ ਤੋਂ ਔਰਤਾਂ ਨੂੰ ਸਹੂਲਤਾਂ ਦੇਣ ਸਬੰਧੀ ਪੇਸ਼ ਆ ਰਹੀਆਂ ਔਕੜਾਂ ਦਾ ਹੱਲ ਲੱਭਣਾ ਸੀ।
ਇਸ ਪ੍ਰੋਗਰਾਮ ਨੂੰ ਯੂਨਾਈਟਿਡ ਨੇਸ਼ਨਜ਼ ਵਿਮੈਨ ਤੋਂ ਪਹੁੰਚੇ ਡਾ. ਜੋਤੀ ਸੇਠ ਨੇ ਸੰਬੋਧਨ ਕਰਦਿਆਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਕਾਨੂੰਨਾਂ ਜਿਵੇਂ ਕਿ ਘਰੇਲੂ ਹਿੰਸਾ ਐਕਟ 2005, ਪੋਕਸੋ ਐਕਟ 2012, ਪੈਸ ਐਕਟ 2013 ਆਦਿ ਬਾਰੇ ਅਤੇ ਇਨ੍ਹਾਂ ਨੂੰ ਸਹੀ ਢੰਗ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪੁਲੀਸ ਵਿਭਾਗ ਤੋਂ ਡੀਐੱਸਪੀ (ਕ੍ਰਾਈਮ) ਸੁਖਵਿੰਦਰਪਾਲ ਸਿੰਘ ਵੱਲੋਂ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਕੇਸਾਂ ਵਿੱਚ ਪੁਲੀਸ ਦੇ ਯੋਗਦਾਨ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਨੂੰ ਘਰੇਲੂ ਹਿੰਸਾ ਐਕਟ 2005 ਲਾਗੂ ਕਰਨ ਅਤੇ ਪੀੜਤ ਔਰਤਾਂ ਨੂੰ ਸਖੀ ਵਨ-ਸਟਾਪ ਸੈਂਟਰ ਵਿੱਚ ਸਹੂਲਤਾਂ ਦੇਣ ਵਿੱਚ ਆ ਰਹੀਆਂ ਔਕੜਾਂ ਬਾਰੇ ਚਰਚਾ ਕੀਤੀ ਅਤੇ ਸੁਝਾਅ ਦਿੱਤੇ ਗਏ।