ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 9 ਮਈ
ਇਥੇ ਕਾਕੜਾ ਰੋਡ ’ਤੇ ਵਾਰਡ ਨੰਬਰ 7 ਵਿੱਚ ਦੋ ਮਹੀਨੇ ਪਹਿਲਾਂ ਬਣਾਈਆਂ ਸੀਵਰੇਜ ਦੀਆਂ ਹੌਦੀਆਂ ਅਤੇ ਇੰਟਰਲਾਕ ਟਾਈਲਾਂ ਪਹਿਲੇ ਹੀ ਮੀਂਹ ਕਾਰਨ ਧਸਣ ਵਿਰੁਧ ਮੁਹੱਲਾ ਵਾਸੀਆਂ ਵੱਲੋਂ ਸਰਕਾਰ ਤੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਮਿੰਦਰ ਸਿੰਘ ਲਾਡੀ, ਇੰਦਰਜੀਤ ਸਿੰਘ ਬੜਿੰਗ, ਹਰਵਿੰਦਰ ਸਿੰਘ, ਮਨਦੀਪ ਸਿੰਘ ਦੀਪੀ, ਭੁਪਿੰਦਰ ਸਿੰਘ, ਕਰਮਜੀਤ ਕੌਰ, ਚਰਨਜੀਤ ਕੌਰ, ਅਮਨਦੀਪ ਕੌਰ, ਗੋਲਡੀ ਅਤੇ ਸਿਮਰਨਜੀਤ ਸਿੰਘ ਬੜਿੰਗ ਨੇ ਕਿਹਾ ਕਿ ਸ਼ਹਿਰ ਅੰਦਰ ਕੁੱਝ ਸਮਾਂ ਪਹਿਲਾਂ ਪਾਏ ਗਏ ਸੀਵਰੇਜ ਅਤੇ ਗਲੀਆਂ ਵਿੱਚ ਲਗਾਈਆਂ ਇੰਟਲਾਕ ਇੱਟਾਂ ਦੇ ਕੰਮਾਂ ਦੀ ਪਹਿਲੇ ਮੀਂਹ ਨੇ ਪੋਲ ਖੋਲ੍ਹ ਦਿੱਤੀ ਹੈ।
ਮੁਹੱਲਾ ਵਾਸੀਆਂ ਨੇ ਸੀਵਰੇਜ ਪਾਉਣ ਅਤੇ ਇੰਟਲਾਕ ਲਗਾਉਣ ਵਾਲੇ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਨਗਰ ਕੌਂਸਲ ਭਵਾਨੀਗੜ੍ਹ ਦੀ ਨਵੀਂ ਪ੍ਰਧਾਨ ਸੁਖਜੀਤ ਕੌਰ ਘਾਬਦੀਆ ਅਤੇ ਬਲਵਿੰਦਰ ਸਿੰਘ ਘਾਬਦੀਆ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਦੀ ਦੁਬਾਰਾ ਮੁਰੰਮਤ ਕਰਵਾਈ ਜਾਵੇਗੀ।