ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਜੂਨ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਹੇਠ ‘ਸਵੈ ਅਤੇ ਸਮਾਜ ਲਈ ਯੋਗ’ ਵਿਸ਼ੇ ’ਤੇ ਆਧਾਰਿਤ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਆਯੂਰਵੈਦਿਕ ਵਿਭਾਗ ਵੱਲੋਂ ਡਾਇਰੈਕਟਰ ਆਯੂਰਵੈਦਾ ਡਾ. ਰਵੀ ਡੂੰਮਰਾ ਅਤੇ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਰਮਨ ਖੰਨਾ ਦੀ ਅਗਵਾਈ ਹੇਠ ਮੰਦਿਰ ਸ੍ਰੀ ਮਾਤਾ ਕਾਲੀ ਦੇਵੀ ਵਿਖੇ ਮਨਾਇਆ ਗਿਆ। ਸਮਾਗਮ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਭਰਾਜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਯੋਗ, ਸਿਹਤਮੰਦ ਜੀਵਨ ਜਿਊਣ ਦਾ ਤਰੀਕਾ ਹੈ। ਅਜੋਕੇ ਭੱਜ-ਦੌੜ ਭਰੇ ਜੀਵਨ ਵਿੱਚ ਯੋਗ ਦਾ ਅਭਿਆਸ ਬਹੁਤ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੀ ਖੁਸ਼ੀ ਸਰੀਰ ਦੀ ਤੰਦਰੁਸਤੀ ਹੈ, ਜੋ ਯੋਗ ਰਾਹੀਂ ਪ੍ਰਾਪਤ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਖੁਦ ਵੀ ਯੋਗ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਦੌਰਾਨ ਲੋਕਾਂ ਨੇ ਵੀ ਯੋਗ ਦੇ ਵੱਖ ਵੱਖ ਆਸਨ ਕੀਤੇ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਯੋਗ ਦਿਵਸ ’ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਤੌਰ ’ਤੇ ਤੰਦਰੁਸਤ ਬਣਨ ਦਾ ਜ਼ਰੀਆ ਹੈ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਯੋਗ ਸੰਸਥਾਨ ਧੂਰੀ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਬਾਂਸਲ ਅਤੇ ਕੇਂਦਰ ਪ੍ਰਮੁੱਖ ਗੋਪਾਲ ਦਾਸ ਦੀ ਅਗਵਾਈ ਵਿੱਚ ਅੱਜ ਇੱਥੇ ਸ਼ਾਂਤੀ ਨਿਕੇਤਨ ਪਾਰਕ ਰਾਮ ਬਾਗ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਭਾਰਤੀ ਯੋਗ ਸੰਸਥਾ ਅਤੇ ਸੀਐੱਮ ਯੋਗਸ਼ਾਲਾ ਵੱਲੋਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਯੋਗਾ ਅਭਿਆਸ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਸ਼ਮੂਲੀਅਤ ਕੀਤੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਵਿਸ਼ਵ ਯੋਗ ਦਿਵਸ ਨੂੰ ਸਮਰਪਿਤ ਸੌਰਵ ਕੰਪਲੈਕਸ ਵਿੱਚ ਯੋਗ ਕੈਂਪ ਲਗਾਇਆ ਗਿਆ। ਕੈਂਪ ਵਿੱਚ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੀ ਤਰਫੋਂ ਉਨ੍ਹਾਂ ਦੀ ਪਤਨੀ ਸੀਮਾ ਗੋਇਲ, ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ, ਭਰਾ ਐਕਸੀਅਨ ਨਰਿੰਦਰ ਗੋਇਲ ਅਤੇ ਉਪ ਮੰਡਲ ਮੈਜਿਸਟਰੇਟ ਸੂਬਾ ਸਿੰਘ ਨੇ ਸ਼ਿਰਕਤ ਕੀਤੀ। ਕੈਂਪ ਵਿੱਚ ਯੋਗ ਅਧਿਆਪਕ ਰੀਤੂ, ਦਲਜੀਤ ਕੌਰ ਅਤੇ ਰਜੀਵ ਕੁਮਾਰ ਨੇ ਲੋਕਾਂ ਨੂੰ ਯੋਗ ਤੇ ਆਸਣ ਕਰਵਾਏ।
ਪਾਤੜਾਂ (ਪੱਤਰ ਪ੍ਰੇਰਕ): ਡੀਏਵੀ ਪਬਲਿਕ ਸਕੂਲ ਪਾਤੜਾਂ, ਕਿਰਤੀ ਕਾਲਜ ਨਿਆਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਚਨਾਗਰਾ ਵਿੱਚ ਯੋਗ ਦਿਵਸ ਮਨਾਇਆ ਗਿਆ। ਡੀਏਵੀ ਪਬਲਿਕ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਹੇਮੰਤ ਭਾਰਦਵਾਜ ਦੀ ਅਗਵਾਈ ਵਿੱਚ ਨੀਲਮ ਗੁਪਤਾ ਨੇ ਯੋਗ ਦੇ ਵੱਖ ਵੱਖ ਆਸਣ ਕਰਵਾਏ।
ਸੂਲਰ ਘਰਾਟ (ਪੱਤਰ ਪ੍ਰੇਰਕ): ਸੀਨੀਅਰ ਮੈਡੀਕਲ ਅਫਸਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਪੀਐੱਚਸੀ ਕੌਹਰੀਆਂ ਅਧੀਨ ਸਿਹਤ ਸੰਸਥਾਵਾਂ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਕਾਰਨ ਸਿਹਤ ਦੇ ਖੇਤਰ ਵਿੱਚ ਕਈ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਗੈਰ ਸੰਚਾਰੀ ਰੋਗ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦਾ ਦੌਰਾ, ਲਕਵਾ, ਕੈਂਸਰ, ਦਮਾ, ਸਾਹ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ ਤੇ ਮਾਨਸਿਕ ਰੋਗਾਂ ਨਾਲ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੋ ਰਹੇ ਹਨ। ਡਾ. ਰਵੀ ਗੋਇਲ ਮੈਡੀਕਲ ਅਫਸਰ ਨੇ ਕਿਹਾ ਕਿ ਆਧੁਨਿਕ ਸਮਾਜ ਵਿਚ ਸਰੀਰਿਕ ਘੱਟ ਤੇ ਦਿਮਾਗ਼ੀ ਗਤੀਵਿਧੀਆਂ ਜ਼ਿਆਦਾ ਵਧ ਗਈਆਂ ਹਨ, ਜੋ ਤਣਾਅ ਦਾ ਵੱਡਾ ਕਾਰਨ ਹਨ। ਨਰਿੰਦਰ ਪਾਲ ਸਿੰਘ ਬਲਾਕ ਐਜੂਕੇਟਰ ਐਕਸਟੈਂਸ਼ਨ ਨੇ ਦੱਸਿਆ ਕਿ ਯੋਗ ਕਸਰਤ ਕਰਨ ਦਾ ਪ੍ਰਾਚੀਨ ਅਤੇ ਲੋਕਪ੍ਰਿਯ ਤਰੀਕਾ ਹੈ।
ਸਮਾਣਾ (ਪੱਤਰ ਪ੍ਰੇਰਕ): ਇੱਥੇ ਵੱਖ-ਵੱਖ ਥਾਵਾਂ ਜੁਡੀਸ਼ਲ ਕੋਰਟ, ਗੋਪਾਲ ਭਵਨ, ਸ੍ਰੀ ਅਗਰਵਾਲ ਗਾਊਸ਼ਾਲਾ, ਮਾਤਾ ਨੈਣਾ ਆਰੀਆ ਧਰਮਸ਼ਾਲਾ, ਸਤੀ ਮੰਦਰ ਪਾਰਕ, ਪਬਲਿਕ ਕਾਲਜ ਤੇ ਯੂਨੀਕ ਪਾਰਕ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਪੁਰਾਣਾ ਰਾਜਪੁਰਾ ਦੀ ਜ਼ਿਮੀਂਦਾਰਾ ਪਾਰਕ ਵਿੱਚ ਗਰਗ ਯੋਗਾ ਗਰੁੱਪ ਵੱਲੋਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਆਸਣਾਂ ਤੋਂ ਇਲਾਵਾ ਸਪੈਸ਼ਲ ਯੋਗ ਕਿਰਿਆਵਾਂ ਵੀ ਕਰਵਾਈਆਂ ਗਈਆਂ।
ਕੈਂਪ ਵਿੱਚ 200 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ। ਰੋਟਰੀ ਕਲੱਬ ਪ੍ਰਾਈਮ ਰਾਜਪੁਰਾ ਵੱਲੋਂ ਯੋਗ ਗੁਰੂ ਸਤੀਸ਼ ਗਰਗ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਇਆ ਯੋਗ ਦਿਵਸ
ਪਟਿਆਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਰੇਲਵੇ ਕਾਰਖਾਨਾ, ਮਹਾਰਾਜਾ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲੋ ਗਰਾਊਂਡ ਵਿੱਚ ਯੋਗ ਦਿਵਸ ਮਨਾਇਆ ਗਿਆ ਜਿਸ ਦੌਰਾਨ ਡਿਪਟੀ ਕਮਿਸ਼ਨਰ ਸਮੇਤ ਜ਼ਿਲ੍ਹਾ ਪ੍ਰਸ਼ਾਸਨਿਕ ਅਮਲਾ ਮੌਜੂਦ ਰਿਹਾ। ਇਸੇ ਤਰ੍ਹਾਂ ਪਟਿਆਲਾ ਲੋਕੋਮੋਟਿਵ ਵਰਕਸ (ਰੇਲ ਵਰਕਸ਼ਾਪ) ਕ੍ਰਿਕਟ ਸਟੇਡੀਅਮ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਪ੍ਰਮੋਦ ਕੁਮਾਰ ਪ੍ਰਮੁੱਖ ਪ੍ਰਸ਼ਾਸਕੀ ਅਧਿਕਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਐੱਨਐੱਸਐੱਸ ਵਿਭਾਗ ਦੇ ਸਹਿਯੋਗ ਨਾਲ ਡਾ. ਅਮਰਪ੍ਰੀਤ ਸਿੰਘ, ਮੁਖੀ ਸਰੀਰਕ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।