ਨਿਜੀ ਪੱਤਰ ਪ੍ਰੇਰਕ
ਸੰਗਰੂਰ, 4 ਜਨਵਰੀ
ਸੰਗਰੂਰ ਪੁਲੀਸ ਨੇ ਹਾਈਵੇਅ ’ਤੇ ਲੁੱਣ ਵਾਲੇ ਇੱਕ ਅੰਤਰਰਾਜੀ ਗਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜੋ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਰਾਜਾਂ ’ਚ 150 ਤੋਂ ਵੱਧ ਵਾਹਨਾਂ ਨੂੰ ਲੁੱਟਣ ’ਚ ਸ਼ਾਮਲ ਸੀ। ਗਰੋਹ ਦੇ ਮੈਂਬਰਾਂ ਕੋਲੋਂ 12 ਵਾਹਨ ਬਰਾਮਦ ਕੀਤੇ ਹਨ।
ਇਥੇ ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਹਾਈਵੇਅ ਲੁਟੇਰਿਆਂ ਦੇ ਅੰਤਰਰਾਜੀ ਗਰੋਹ ਦੇ ਦੋ ਮੈਂਬਰਾਂ ਦਿਲਪ੍ਰੀਤ ਤੇ ਸਿਤਾਰ ਖਾਨ ਵਾਸੀ ਭਵਾਨੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਲੁੱਟ ਦੇ 12 ਵਾਹਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗਰੋਹ ਦੇ ਕਈ ਮੈਂਬਰ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਸਰਗਰਮ ਹਨ ਤੇ ਹੁਣ ਤੱਕ 150 ਵਾਹਨ ਚੋਰੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੁਟੇਰੇ ਹਾਈਵੇਅ ਦੇ ਨਾਲ ਨਾਲ ਧਾਰਮਿਕ ਸਥਾਨਾਂ, ਢਾਬਿਆਂ, ਮਾਲਾਂ ਤੇ ਪਾਰਕਿੰਗ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਵਾਹਨਾਂ ਨੂੰ ਚਾਲੂ ਕਰਨ ਲਈ ਮਾਸਟਰ ਕੁੰਜੀ ਦੀ ਵਰਤੋਂ ਕਰਦੇ ਹਨ। ਚੋਰੀ ਹੋਏ ਵਾਹਨਾਂ ਦੀ ਚੈਸੀ ਤੇ ਇੰਜਣ ਨੰਬਰ ਬਦਲਣ ਲਈ ਸਿਸਟਮ ਲਾਇਆ ਗਿਆ ਹੈ।
ਸਮਾਣਾ ਵਿੱਚ ਰਿਵਾਲਵਰ ਦਿਖਾ ਕੇ ਲੱਖਾਂ ਦੀ ਲੁੱਟ
ਸਮਾਣਾ (ਅਸ਼ਵਨੀ ਗਰਗ) ਸੋਮਵਾਰ ਦੇਰ ਸ਼ਾਮ ਨਕਾਬਪੋਸ਼ ਲੁਟੇਰਿਆਂ ਵੱਲੋਂ ਰਿਵਾਲਵਰ ਦੀ ਨੋਕ ’ਤੇ ਸ਼ਹਿਰ ਦੀ ਇਕ ਜਿਊਲਰੀ ਦੀ ਦੁਕਾਨ ਤੋਂ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ’ਤੇ ਸਿਟੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਿਸੀਟੀਵੀ ਫੁਟੇਜ ਦੇ ਸਹਾਰੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਕਪਿਸ਼ ਜਿਊਲਰਜ਼ ਕ੍ਰਿਸ਼ਨਾ ਬਸਤੀ ਦੇ ਮਾਲਕ ਸ਼ਿਵ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ 7 ਵਜੇ ਜਦੋਂ ਉਹ ਦੁਕਾਨ ’ਤੇ ਆਏ ਇਕ ਗਾਹਕ ਨੂੰ ਸੋਨੇ ਦੀਆਂ ਅੰਗੂਠੀਆਂ ਵਿਖਾ ਰਿਹਾ ਸੀ ਤਾਂ ਇਸੇ ਦੌਰਾਨ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੁਕਾਨ ਦੇ ਬਾਹਰ ਆਏ। ਇਨ੍ਹਾਂ ਵਿੱਚੋਂ ਇਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਕੇ ਦੁਕਾਨ ਦੇ ਅੰਦਰ ਆ ਗਿਆ ਤੇ ਰਿਵਾਲਵਰ ਦੀ ਨੋਕ ’ਤੇ ਕਾਉਂਟਰ ’ਤੇ ਪਿਆ 6 ਤੋਲੇ ਦੀਆਂ 12 ਸੋਨੇ ਦੀਆਂ ਅੰਗੂਠੀਆਂ ਦਾ ਇਕ ਡੱਬਾ ਚੁੱਕ ਕੇ ਬਾਹਰ ਖੜ੍ਹੇ ਆਪਣੇ ਸਾਥੀ ਦੇ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਦੇਵ ਸਿੰਘ ਚੀਮਾ ਨੇ ਦੱਸਿਆ ਕਿ ਦੁਕਾਨ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਲੁਟੇਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਨਸ਼ਾ ਤਸਕਰ 500 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ
ਸੰਗਰੂਰ (ਨਿਜੀ ਪੱਤਰ ਪ੍ਰੇਰਕ) ਸੰਗਰੂਰ ਪੁਲੀਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਨਸ਼ਾ ਤਸਕਰ ਖ਼ਿਲਾਫ਼ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਧਰਮਪਾਲ ਉਰਫ਼ ਬੌਬੀ ਵਾਸੀ ਸੈਫਾਬਾਦ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੂੰ ਪਹਿਲਾਂ 2014 ਵਿੱਚ 360 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਜਲੰਧਰ ਪੁਲੀਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਖ਼ਿਲਾਫ਼ ਥਾਣਾ ਫਿਲੌਰ ’ਚ ਕੇਸ ਦਰਜ ਹੈ। ਇਸ ਕੇਸ ਵਿੱਚ ਧਰਮਪਾਲ ਜਲੰਧਰ ਜੇਲ੍ਹ ’ਚ ਸ਼ਜਾ ਕੱਟ ਰਿਹਾ ਸੀ ਜੋ 28 ਫਰਵਰੀ 2020 ਨੂੰ ਪੈਰੋਲ ’ਤੇ ਬਾਹਰ ਆਉਣ ਤੋਂ ਬਾਅਦ ਇਹ ਪੈਰੋਲ ਜੰਪ ਕਰਕੇ ਵਾਪਸ ਜੇਲ੍ਹ ਨਹੀਂ ਗਿਆ ਤੇ ਸੰਗਰੂਰ ਜ਼ਿਲ੍ਹੇ ’ਚ ਛੁਪਿਆ ਹੋਇਆ ਸੀ ਤੇ ਮੁੜ ਨਸ਼ਾ ਤਸਕਰੀ ’ਚ ਸਰਗਰਮ ਹੋ ਗਿਆ।