ਗੁਰਦੀਪ ਸਿੰਘ ਲਾਲੀ/ ਰਮੇਸ਼ ਭਾਰਦਵਾਜ
ਸੰਗਰੂਰ/ਲਹਿਰਾਗਾਗਾ, 12 ਮਈ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ, ਮੁੜ ਵਸੇਬਾ ਕੇਂਦਰਾਂ ਤੇ ਓਟ ਕਲੀਨਿਕਾਂ ਦੀ ਅਚਨਚੇਤ ਜਾਂਚ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਨਾਲ ਨਾਲ ਸਮੂਹ ਸਬ ਡਿਵੀਜ਼ਨਾਂ ਵਿੱਚ ਉਪ ਮੰਡਲ ਮੈਜਿਸਟਰੇਟਾਂ ਨੇ ਨਸ਼ਾ ਮੁਕਤੀ ਕੇਂਦਰਾਂ ਵਿਚ ਦੌਰਾ ਕਰਦਿਆਂ ਰਜਿਸਟਰਾਂ ਸਮੇਤ ਹੋਰ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ ।
ਏਡੀਸੀ ਵਿਕਾਸ ਵਰਜੀਤ ਵਾਲੀਆ ਵਲੋਂ ਜ਼ਿਲ੍ਹਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਘਾਬਦਾਂ, ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ ਵੱਲੋਂ ਨਸ਼ਾ ਮੁਕਤੀ ਕੇਂਦਰ ਅਤੇ ਓਟ ਕਲੀਨਿਕ, ਮਾਲਵਾ ਮਨੋਰੋਗ ਹਸਪਤਾਲ, ਸਿਰਜਨ ਹਸਪਤਾਲ, ਕਰੁਣਾ ਨਿਊਰੋ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਵੱਲੋਂ ਅਕਾਲ ਨਸ਼ਾ ਮੁਕਤੀ ਕੇਂਦਰ ਚੀਮਾ ਅਤੇ ਓਟ ਕਲੀਨਿਕ, ਐਸ.ਡੀ.ਐਮ ਧੂਰੀ ਦੇਵਦਰਸ਼ਦੀਪ ਸਿੰਘ ਵੱਲੋਂ ਗੁਰਕਿਰਪਾ ਸਫਾ ਫਾਊਂਡੇਸ਼ਨ ਅਤੇ ਓਟ ਕਲੀਨਿਕ ਸਿਵਲ ਹਸਪਤਾਲ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ ਵੱਲੋਂ ਨਵ ਚੇਤਨਾ ਮੁੜ ਵਸੇਬਾ ਕੇਂਦਰ ਸੂਲਰ ਘਰਾਟ, ਐਸ ਡੀ ਐਮ ਭਵਾਨੀਗੜ੍ਹ ਵਿਨੀਤ ਕੁਮਾਰ ਵੱਲੋਂ ਓਟ ਕਲੀਨਿਕ ਸਿਵਲ ਹਸਪਤਾਲ ਦਾ ਜਾਇਜ਼ਾ ਲਿਆ ਗਿਆ। ਐਸਡੀਐਮ ਲਹਿਰਾਗਾਗਾ ਨਵਰੀਤ ਕੌਰ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਹਿਰਾਗਾਗਾ ਦੇ ਤਿੰਨ ਨਿੱਜੀ ਤੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕੀਤਾ ਗਿਆ।
ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਐਸਡੀਐਮ ਵਿਨੀਤ ਕੁਮਾਰ ਵੱਲੋਂ ਇੱਥੇ ਸਰਕਾਰੀ ਸਿਵਲ ਹਸਪਤਾਲ ਵਿੱਚ ਸਥਿਤ ਓਟ ਕਲੀਨਿਕ ਦੀ ਅਚਨਚੇਤ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਕਲੀਨਿਕ ’ਤੇ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਨਾਲ ਹਮਦਰਦੀ ਵਾਲਾ ਵਰਤਾਓ ਕੀਤਾ ਜਾਵੇ। ਉਨ੍ਹਾਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ।