ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੁਲਾਈ
ਇੱਥੋਂ ਨੇੜਲੇ ਪਿੰਡ ਕਨੋਈ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਵੱਲੋਂ ਕਲਾਸ ਵਿੱਚ ਸਕੂਲੀ ਬੱਚਿਆਂ ਤੋਂ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਵਾਉਣ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਦਾ ਮਾਮਲਾ ਗਰਮਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਅਧਿਆਪਕਾਂ ਮਨਪ੍ਰੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੰਜ ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਹੈ। ਜਾਰੀ ਨੋਟਿਸ ਵਿੱਚ ਅਧਿਆਪਕਾ ਨੂੰ ਕਿਹਾ ਗਿਆ ਹੈ ਕਿ ਸਕੂਲ ਸਮੇਂ ਦੌਰਾਨ ਚਲਦੀ ਕਲਾਸ ਵਿੱਚ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲਈ ਵਿਦਿਆਰਥੀਆਂ ਨੂੰ ਉਕਸਾਇਆ ਗਿਆ ਹੈ ਜਿਸ ਨਾਲ ਸਿੱਖਿਆ ਵਿਭਾਗ ਦੇ ਅਕਸ ਨੂੰ ਠੇਸ ਪਹੁੰਚਾਈ ਗਈ ਹੈ। ਨੋਟਿਸ ਵਿਚ ਅਧਿਆਪਕਾ ਨੂੰ ਇਹ ਵੀ ਕਿਹਾ ਹੈ ਕਿ ਆਪ ਦਾ ਕੰਮ ਅਤੇ ਵਤੀਰਾ ਤਸੱਲੀਬਖਸ਼ ਨਾ ਮੰਨਦੇ ਹੋਏ ਆਪ ਦੀਆਂ ਸੇਵਾਵਾਂ ਖਤਮ ਕਰਨ ਦੀ ਤਜਵੀਜ਼ ਹੈ।
ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੰਗਰੂਰ ਸ਼ਿਵ ਰਾਜ ਕਪੂਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਨਾਮ ਵੱਲੋਂ ਪਿੰਡ ਕਨੋਈ ਦੇ ਸਕੂਲ ਵਿੱਚ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਗਈ। ਡੀਈਓ ਨੇ ਸਕੂਲ ਦੀ ਮੁੱਖ ਅਧਿਆਪਕਾ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਮਨਪ੍ਰੀਤ ਕੌਰ ਨੂੰ ਡਾਇਰੈਕਟਰ ਸਕੂਲ ਸਿੱਖਿਆ ਐ:ਸਿੱ: ਪੰਜਾਬ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਮਨਪ੍ਰੀਤ ਕੌਰ ਨੂੰ ਸੌਂਪਿਆ।
ਗ਼ੌਰਤਲਬ ਹੈ ਕਿ ਲੰਘੇ ਕੱਲ੍ਹ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਮਨਪ੍ਰੀਤ ਕੌਰ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ। ਉਹ ਕਲਾਸ ਵਿੱਚ ਬੱਚਿਆਂ ਨੂੰ ਦੱਸ ਰਹੇ ਹਨ,‘1 ਜੁਲਾਈ ਨੂੰ ਪੁਲੀਸ ਲਾਠੀਚਾਰਜ ਦੌਰਾਨ ਉਸ ਦੇ ਪੈਰ ਦਾ ਮਾਸ ਫ਼ਟ ਗਿਆ। ਸਰਕਾਰਾਂ ਕਿਸੇ ਦੇ ਹੱਕ ਵਿੱਚ ਨਹੀਂ ਭੁਗਤਦੀਆਂ, ਜਦੋਂ ਤੁਸੀਂ ਹੱਕ ਮੰਗੋਗੇ ਤਾਂ ਤੁਹਾਡੇ ਵੀ ਡਾਂਗਾ ਲੱਗਣਗੀਆਂ। ਇਹ ਗੱਲਾਂ ਤੋਂ ਸੁਚੇਤ ਰਹੋ।’ ਅਧਿਆਪਕਾ ਨੇ ਕਲਾਸ ਵਿਚ ਬੱਚਿਆਂ ਤੋਂ ‘‘ ਪੰਜਾਬ ਸਰਕਾਰ ਮੁਰਦਾਬਾਦ ’’ ਦੇ ਨਾਅਰੇ ਲਗਾਏ ਗਏ ਸਨ। ਕਨੋਈ ਸਕੂਲ ’ਚ ਪੁੱਜੇ ਡੀਈਓ ਐਲੀਮੈਂਟਰੀ ਸ਼ਿਵ ਰਾਜ ਕਪੂਰ ਨੇ ਕਿਹਾ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਇਰੈਕਟਰ ਸਕੂਲ ਸਿੱਖਿਆ ਵਲੋਂ ਅਧਿਆਪਕਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਪੰਜ ਦਿਨਾਂ ’ਚ ਜਵਾਬ ਮੰਗਿਆ ਹੈ। ਨੋਟਿਸ ਅਧਿਆਪਕਾ ਮਨਪ੍ਰੀਤ ਕੌਰ ਨੂੰ ਸੌਂਪ ਦਿੱਤਾ ਹੈ।
ਉਧਰ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਿਛਲੇ ਕਰੀਬ 15 ਸਾਲਾਂ ਤੋਂ ਕੱਚੇ ਅਧਿਆਪਕ ਨਾਮਾਤਰ ਤਨਖਾਹਾਂ ’ਤੇ ਸੇਵਾ ਨਿਭਾਅ ਰਹੇ ਹਨ ਅਤੇ ਕੱਚੇ ਅਧਿਆਪਕਾਂ ਨਾਲ ਇਹ ਸਰਾਸਰ ਬੇਇਨਸਾਫ਼ੀ ਹੈ। ਉਹ ਨੋਟਿਸ ਦਾ ਜਵਾਬ ਨਹੀਂ ਦੇਣਗੇ। ਉਨ੍ਹਾਂ ਨੇ ਬੱਚਿਆਂ ਨੂੰ ਸੱਚ ਤੋਂ ਜਾਣੂ ਕਰਾਇਆ ਹੈ।