ਪੱਤਰ ਪ੍ਰੇਰਕ
ਸੰਗਰੂਰ, 28 ਅਗਸਤ
ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਮਾਸਿਕ ਸਾਹਿਤਕ ਇਕੱਤਰਤਾ ਮਾਨ ਹੋਮਿਓਪੈਥਿਕ ਮੈਡੀਕਲ ਸੈਂਟਰ ਸੰਗਰੂਰ ਵਿੱਚ ਦਲਬਾਰ ਸਿੰਘ ਚੱਠੇ ਸੇਖਵਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਬਾਲ ਗਜ਼ਲਗੋ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗਜ਼ਲ ਸੰਗ੍ਰਹਿ ‘ਆਪਣਾ ਪੰਜਾਬ’ ਅਤੇ ‘ਪਿਆਰਾ ਭਾਰਤ’ ਲੋਕ ਅਰਪਣ ਕੀਤੇ ਗਏ। ਇਸ ਤੋਂ ਬਾਅਦ ਪੁਸਤਕਾਂ ਸਬੰਧੀ ਪੜ੍ਹੇ ਗਏ ਆਪਣੇ ਖੋਜਪੂਰਨ ਪਰਚੇ ਵਿੱਚ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਵਿਦਿਆਰਥੀਆਂ ਲਈ ਕਿਸੇ ਵੀ ਮੁਕਾਬਲੇ ਵਿੱਚ ਵਧੀਆ ਅੰਕ ਲੈਣ ਲਈ ਜਗਜੀਤ ਸਿੰਘ ਲੱਡਾ ਦੀਆਂ ਪੁਸਤਕਾਂ ਲਾਭਦਾਇਕ ਅਤੇ ਕਾਰਗਰ ਸਿੱਧ ਹੋ ਸਕਦੀਆਂ ਹਨ |
ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਲੱਡਾ ਦੀਆਂ ਪੁਸਤਕਾਂ ਸਕੂਲਾਂ ਦੇ ਸਿਲੇਬਸ ਵਿਚ ਲਗਾਉਣ ਦੇ ਪੂਰੀ ਤਰ੍ਹਾਂ ਯੋਗ ਹਨ| ਦਲਬਾਰ ਸਿੰਘ ਨੇ ਕਿਹਾ ਕਿ ਲੱਡਾ ਦੀ ਬਾਲ ਗਜ਼ਲ ਰੂਪਕ ਪੱਖ ਦੇ ਨਾਲ ਨਾਲ ਬਾਲ ਮਨੋਵਿਗਿਆਨ ਦੀ ਵੀ ਸੂਖਮ ਸੂਝ ਬੂਝ ਰੱਖਦੀ ਹੈ| ਇਸ ਮੌਕੇ ਜਗਜੀਤ ਸਿੰਘ ਲੱਡਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਗੱਲਾਂ ਸਾਂਝੀਆਂ ਕੀਤੀਆਂ। ਅੰਤ ਵਿਚ ਕਰਮ ਸਿੰਘ ਜਖ਼ਮੀ ਨੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਸੁਖਵਿੰਦਰ ਸਿੰਘ ਲੋਟੇ ਨੇ ਕੀਤਾ।