ਬੀਰਬਲ ਰਿਸ਼ੀ
ਸ਼ੇਰਪੁਰ, 13 ਜੁਲਾਈ
ਜਹਾਂਗੀਰ ਜ਼ਮੀਨੀ ਵਿਵਾਦ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਪੁਲੀਸ ਨੇ ਕੇਸ ਨੰਬਰ 99 ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਮੋਹਰੀ ਆਗੂ ਹਰਪਾਲ ਸਿੰਘ ਪੇਧਨੀ, ਰਾਮ ਸਿੰਘ ਕੱਕੜਵਾਲ, ਮਨਜੀਤ ਸਿੰਘ, ਕਿਰਨਜੀਤ ਕੌਰ ਸਮੇਤ ਕਿਸਾਨ ਯੂਨੀਅਨ ਦੇ 42 ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚ 12 ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 50-60 ਅਣਪਛਾਤੇ ਵਿਅਕਤੀਆਂ ਨੂੰ ਕੇਸ ’ਚ ਨਾਮਜ਼ਦ ਕਰਦਿਆਂ ਧਾਰਾਵਾਂ ’ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੁਲੀਸ ਵੱਲੋਂ ਕੇਸ ਨੰਬਰ 97 ਤਹਿਤ ਜਥੇਬੰਦੀ ਦੇ ਨੌਂ ਮੋਹਰੀ ਆਗੂਆਂ ਸਮੇਤ ਕਈ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਗੁਰਚਰਨ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਜਹਾਂਗੀਰ ਵੱਲੋਂ ਲਿਖਵਾਏ ਬਿਆਨਾਂ ਅਨੁਸਾਰ 7 ਜੁਲਾਈ ਨੂੰ ਕਿਰਨਜੀਤ ਕੌਰ ਪਤਨੀ ਲਖਵੀਰ ਸਿੰਘ ਨੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਅਤੇ ਮੈਂਬਰਾਂ ਨਾਲ ਮਿਲ ਕੇ ਉਸ ਦੀ ਮਾਲਕੀ ਵਾਲੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਧਰਨਾ ਲਗਾਇਆ, ਉਸ ਦੀ ਨੂੰਹ ਰਮਨਦੀਪ ਦੀ ਕੁੱਟਮਾਰ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਧੱਕਾਮੁੱਕੀ ਕੀਤੀ। 8 ਜੁਲਾਈ ਨੂੰ ਉਸ ਦੀ ਨੂੰਹ ਦੇ ਬਿਆਨਾਂ ’ਤੇ ਕੇਸ ਨੰਬਰ 97 ਦਰਜ ਹੋਇਆ ਸੀ। ਲੰਘੀ 10 ਜੁਲਾਈ ਨੂੰ ਉਸ ਦਾ ਲੜਕਾ ਕੁਲਵਿੰਦਰ ਸਿੰਘ ਤੇ ਉਸ ਦੀ ਨੂੰਹ ਸੁਮਨਦੀਪ ਕੌਰ, ਦਰਸ਼ਨ ਸਿੰਘ ਜਹਾਂਗੀਰ ਆਪਣੇ ਖੇਤਾਂ ਵਾਲੇ ਮਕਾਨ ਵਿੱਚ ਸਨ ਤਾਂ ਕਿਸਾਨ ਜਥੇਬੰਦੀ ਦੇ ਆਗੂਆਂ, ਮੈਂਬਰਾਂ ਤੇ ਅਣਪਛਾਤਿਆਂ ਨੇ ਮੀਡੀਆ ’ਚ ਗਲਤ ਤਪ੍ਰਚਾਰ ਕਰ ਕੇ ਉਸ ਦੀ ਜ਼ਮੀਨ ਦੱਬਣ ਦੀ ਕੋਸ਼ਿਸ਼ ਨਾਲ ਮੱਕੀ ਤੇ ਚਰੀ ਦੀ ਫਸਲ ਚੋਰੀ ਵੱਢ ਕੇ ਲੈ ਗਏ ਅਤੇ ਬਾਕੀ ਫਸਲ ਪੰਜ ਟਰੈਕਟਰਾਂ ਦੇ ਪਿੱਛੇ ਰੋਟਾਵੇਟਰਾਂ ਨਾਲ ਵਾਹ ਦਿੱਤੀ। ਉੱਧਰ, ਐਸਪੀ ਧੂਰੀ ਯੋਗੇਸ਼ ਸ਼ਰਮਾ ਨੇ ਕੇਸ ਨੰਬਰ 99 ਅਤੇ 97 ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਮਸਲੇ ਨੂੰ ਨਜਿੱਠਣ ਦੀ ਕੋਸ਼ਿਸ਼ ਵਿੱਚ ਹਨ।
ਭਾਈਵਾਲ ਕਿਸਾਨ ਜਥੇਬੰਦੀ ਮਾਮਲੇ ਦੀ ਮੁੜ ਪੜਤਾਲ ਕਰੇ: ਕਾਲਾਝਾੜ
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਸਾਨਾਂ ’ਤੇ ਦਰਜ ਕੇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਭਾਈਵਾਲ ਪਾਰਟੀ ਇਸ ਪੂਰੇ ਮਾਮਲੇ ਦੇ ਪੱਖਾਂ ਤੋਂ ਅਣਜਾਣ ਹੈ ਤਾਂ ਮੁੜ ਪੜਤਾਲ ਕਰੇ ਅਤੇ ਜੇਕਰ ਸਭ ਜਾਣਦੇ ਹੋਏ ਵੀ ਅਜਿਹੇ ਲੋਕਾਂ ਦੇ ਪੱਖ ਵਿੱਚ ਹੈ ਤਾਂ ਉਹ ਇਸ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਜ਼ਮੀਨ ’ਤੇ ਡਟੇ ਰਹਿਣ ਦਾ ਅਹਿਦ ਦੁਹਰਾਇਆ।