ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਮਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਕਾਈ ਨੇ ਪਿੰਡ ਜਲੂਰ ਦੀ ਰਿਜ਼ਰਵ ਕੋਟੇ ਦੀ ਜ਼ਮੀਨ ਤਿੰਨ ਸਾਲਾ ਪਟੇ ਦੀ ਮੰਗ ਨੂੰ ਲੈ ਕੇ ਅੱਜ ਲਗਾਤਾਰ ਤੀਸਰੀ ਬੋਲੀ ਰੱਦ ਕਰਵਾ ਦਿੱਤੀ। ਜ਼ੋਨਲ ਆਗੂ ਬਿੱਕਰ ਸਿੰਘ ਹਥੋਆ ਅਤੇ ਗੁਰਦਾਸ ਜਲੂਰ ਨੇ ਦੱਸਿਆ ਕਿ ਪੰਚਾਇਤੀ ਰਾਜ ਐਕਟ ਵਿੱਚ ਤਿੰਨ ਸਾਲਾ ਜ਼ਮੀਨ ਨੂੰ ਪਟੇ ਉਪਰ ਦੇਣ ਦੀ ਤਜਵੀਜ਼ ਹੈ ਜਿਸ ਤਹਿਤ ਪਹਿਲਾਂ ਵੀ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਤਿੰਨ ਸਾਲਾ ਪਟੇ ਉੱਪਰ ਜ਼ਮੀਨ ਦਿੱਤੀ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਵੱਲੋਂ ਸਭ ਨਿਯਮਾਂ ਨੂੰ ਛਿੱਕੇ ਟੰਗ ਕੇ ਲਗਾਤਾਰ ਬੋਲੀ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪਿੰਡ ਜਲੂਰ ਦਾ ਇਤਿਹਾਸ ਪੰਚਾਇਤੀ ਜ਼ਮੀਨ ਦੇ ਰਿਜ਼ਰਵ ਕੋਟੇ ਨੂੰ ਲੈ ਕੇ ਪਹਿਲਾਂ ਵੀ ਹਿੰਸਕ ਰਿਹਾ ਹੈ ਅਤੇ ਹੁਣ ਪ੍ਰਸ਼ਾਸਨ ਵੱਲੋਂ ਦੁਬਾਰਾ ਇਸ ਦਾ ਕੋਈ ਪੱਕਾ ਹੱਲ ਕੱਢਣ ਦੀ ਥਾਂ ਜ਼ਮੀਨ ਵਿੱਚੋਂ ਦਲਿਤਾਂ ਨੂੰ ਬਾਹਰ ਕੱਢਣ ਦੀਆਂ ਅਤੇ ਨਾਜਾਇਜ਼ ਕਬਜ਼ੇ ਦੇ ਨਾਂ ਹੇਠ ਜ਼ਮੀਨ ਨੂੰ ਖਾਲੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮਜ਼ਦੂਰ ਆਗੂਆਂ ਵੱਲੋਂ ਅੱਠ ਜੂਨ ਨੂੰ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ, ਬਬਲਾ ਸਿੰਘ ,ਰੂਪ ਸਿੰਘ ਹਾਜ਼ਰ ਸਨ। ਬੀਡੀਪੀਓ ਕਵਿਤਾ ਗਰਗ ਦੇ ਅਦਾਲਤ ’ਚ ਹੋਣ ਕਰਕੇ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ।
ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੱਡਣ ਵਾਲੇ ਸਨਮਾਨੇ
ਲਹਿਰਾਗਾਗਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਚਾਇਤੀ ਜ਼ਮੀਨ ਦੇ ਕਬਜ਼ੇ ਛੁਡਾਉਣ ਦੀ ਮੁਹਿੰਮ ਨੂੰ ਪਿੰਡ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਤਹਿਤ ਲਹਿਰਾਗਾਗਾ ਹਲਕੇ ਦੇ ਪਿੰਡ ਸੇਖੂਵਾਸ ਦੀ 13 ਏਕੜ ਤੋਂ ਵਧੇਰੇ ਜ਼ਮੀਨ ਜੋ ਕਿ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਕਬਜ਼ੇ ਹੇਠ ਲਈ ਹੋਈ ਸੀ, ਨੂੰ ਕਬਜ਼ਾ ਰਹਿਤ ਕਰਕੇ ਪੰਚਾਇਤ ਕੀਤਾ ਗਿਆ। ਇਹ ਜ਼ਮੀਨ ਉਨ੍ਹਾਂ ਵਲੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਅਤੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਵੱਲੋ ਪ੍ਰੇਰਿਤ ਕਰਨ ਉਤੇ ਛੱਡ ਦਿੱਤੀ। ਬੀਡੀਪੀਓ ਕਵਿਤਾ ਗਰਗ ਨੇ ਪੰਚਾਇਤੀ ਜ਼ਮੀਨ ਦਾ ਕਬਜਾ ਛੱਡਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਵਿਧਾਇਕ ਗੋਇਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਚਾਇਤੀ ਜ਼ਮੀਨ ਛੱਡੇ ਜਾਣ ਦੀ ਅਪੀਲ ਦਾ ਲੋਕਾਂ ਉਤੇ ਅਸਰ ਹੋ ਰਿਹਾ ਹੈ। ਇਸ ਮੌਕੇ ਗੁਰਦੀਪ ਸਿੰਘ ਪੰਚਾਇਤ ਅਫਸਰ, ਹਰਦੀਪ ਸਿੰਘ ਪੰਚਾਇਤ ਸਕੱਤਰ, ਸਰਪੰਚ ਮਾਇਆ ਕੌਰ ਅਤੇ ਪਿੰਡ ਦੇ ਪਤਵੰਤੇ ਲੋਕ ਹਾਜ਼ਰ ਸਨ।