ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਮਾਰਚ
ਮਾਲੇਰਕੋਟਲਾ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਆਪਣੀ ਨੇੜਲੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਨੂੰ 21,686 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ।
ਇਸ ਹਲਕੇ ਤੋਂ ਕੁੱਲ ਪੰਦਰਾਂ ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੀਆਂ ਕੁੱਲ 1,59,900 ਵੋਟਾਂ ‘ਚੋਂ 1,26,150 ਵੋਟਾਂ ਪੋਲ ਹੋਈਆਂ ਸਨ , ਜਿਨ੍ਹਾਂ ‘ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ 65948, ਕਾਂਗਰਸ ਪਾਰਟੀ ਦੀ ਉਮੀਦਵਾਰ ਰਜ਼ੀਆ ਸੁਲਤਾਨਾ ਨੇ 44262, ਅਕਾਲੀ ਦਲ ਦੇ ਨੁਸਰਤ ਅਲੀ ਖਾਂ ਨੇ 8421, ਪੰਜਾਬ ਲੋਕ ਕਾਂਗਰਸ ਪਾਰਟੀ ਦੀ ਐਫ ਨਿਸਾਰਾ ਖ਼ਾਤੂਨ ਨੇ 3766 ਵੋਟਾਂ ਅਤੇ ਹੋਰਨਾਂ ਉਮੀਦਵਾਰਾਂ ਨੇ 3753 ਵੋਟਾਂ ਹਾਸਲ ਕੀਤੀਆਂ।
ਜਿੱਤ ਮਗਰੋਂ ਨਮਾਜ਼ ਪੜ੍ਹ ਕੇ ਕੀਤਾ ਅੱਲ੍ਹਾ ਦਾ ਸ਼ੁਕਰਾਨਾ
ਮਾਲੇਰਕੋਟਲਾ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਨੇ ਆਪਣੇ ਸਾਥੀਆਂ ਸਮੇਤ ਦੇਸ਼ ਭਗਤ ਕਾਲਜ ਧੂਰੀ ‘ਚ ਸਥਿਤ ਵੋਟ ਗਿਣਤੀ ਕੇਂਦਰ ਦੇ ਲਾਅਨ ’ਚ ਨਮਾਜ਼ ਪੜ੍ਹ ਕੇ ਅੱਲ੍ਹਾ ਦਾ ਸ਼ੁਕਰਾਨਾ ਕੀਤਾ। ਇਸ ਮਗਰੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਹਲਕਾ ਮਾਲੇਰਕੋਟਲਾ ਦੇ ਵੋਟਰ ਧਰਮਾਂ-ਜਾਤਾਂ ਆਦਿ ਦੇ ਵੱਖਰੇਵਿਆਂ ਤੋਂ ਲਾਂਭੇ ਹਨ।