ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 15 ਸਤੰਬਰ
ਸਥਾਨਕ ਘੁੰਮਣ ਭਵਨ ਵਿੱਚ ਜਨਵਾਦੀ ਨੌਜਵਾਨ ਸਭਾ ਵੱਲੋਂ ਦਿੱਲੀ ਪੁਲੀਸ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਦਿੱਲੀ ਦੰਗਿਆਂ ਵਿੱਚ ਦੇਸ਼ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਨਾਮਜ਼ਦ ਕਰਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਇਨ੍ਹਾਂ ਪ੍ਰਮੁੱਖ ਸਖਸ਼ੀਅਤਾਂ ਉਤੇ ਪਾਏ ਝੂਠੇ ਕੇਸ ਰੱਦ ਕਰਨ ਦੀ ਮੰਗ ਰੱਖੀ ਗਈ। ਇਸ ਮੌਕੇ ਇਕੱਠੇ ਹੋਏ ਨੌਜਵਾਨ ਸਾਥੀਆਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਨੌਜਵਾਨ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਦਿੱਲੀ ਪੁਲੀਸ ਜੋ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ, ਨੇ ਸੀਪੀਆਈ(ਐਮ) ਦੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ, ਸਵਰਾਜ ਅਭਿਆਨ ਦੇ ਆਗੂ ਜੋਗਿੰਦਰ ਯਾਦਵ, ਦੇਸ਼ ਦੇ ਉੱਘੀ ਅਰਥ ਸ਼ਾਸਤਰੀ ਜੈਅੰਤੀ ਘੋਸ਼, ਪ੍ਰੋਫੈਸਰ ਅਪੂਰਵਾਨੰਦ, ਦਸਤਾਵੇਜ਼ੀ ਫ਼ਿਲਮ ਨਿਰਮਾਤਾ ਰਾਹੁਲ ਰੌਏ ਉੱਤੇ ਦਿੱਲੀ ਦੰਗਿਆਂ ਦੇ ਸਹਿ-ਸਾਜਿਸਘਾੜਿਆਂ ਵਜੋਂ ਨਾਮਜ਼ਦ ਕੀਤਾ ਹੈ। ਕਾਮਰੇਡ ਕੌਸ਼ਿਕ ਨੇ ਕਿਹਾ ਕਿ ਦਿੱਲੀ ਦੰਗਿਆਂ ਦੇ ਅਸਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਦੇਸ਼ ਦੇ ਜਮਹੂਰੀ ਹੱਕਾਂ ਲਈ ਆਵਾਜ਼ ਉਠਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਦੰਗਿਆਂ ਵਿੱਚ ਨਾਮਜ਼ਦ ਕਰਨਾ ਦੇਸ਼ ਦੀ ਜਮਹੂਰੀਅਤ ਦਾ ਕਤਲ ਕਰਨ ਦੇ ਬਰਾਬਰ ਹੈ। ਕਾਮਰੇਡ ਵਰਿੰਦਰ ਕੌਸ਼ਿਕ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਉੱਘੀਆਂ ਹਸਤੀਆਂ ’ਤੇ ਦਰਜ ਝੂਠਾ ਕੇਸ ਰੱਦ ਕੀਤਾ ਜਾਵੇ । ਭਾਰਤ ਦੀ ਜਨਵਾਦੀ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਮੌਕੇ ਕਾਮਰੇਡ ਕੌਸ਼ਿਕ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਸਭ ਨੂੰ ਵਿੱਦਿਆ- ਸਭ ਨੂੰ ਰੁਜ਼ਗਾਰ ਦੇ ਅਧਿਕਾਰ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕੀਤਾ ਜਾਵੇ । ਇਸ ਮੌਕੇ ਜਨਵਾਦੀ ਨੌਜਵਾਨ ਸਭਾ ਸੁਨਾਮ ਦੇ ਪ੍ਰਧਾਨ ਸੰਦੀਪ ਸਿੰਘ (ਸੋਨੀ) ਗਿੱਲ, ਗਗਨਦੀਪ ਸਿੰਘ, ਅਨਮੋਲ ਸਿੰਘ ਬਾਕਸਰ, ਕਮਲਗਿਰ, ਜੈਕੀ, ਹਰਮਨ ਸਿੰਘ, ਗਗਨਦੀਪ, ਰਾਜੂ , ਨਵੀ, ਅਨਵਰ ਖਾਂ ਹਾਜ਼ਰ ਸਨ ।