ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਜੂਨ
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਉਂਦੇ ਦਿਨਾਂ ’ਚ ਸੰਗਰੂਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ‘ਰੋਡ ਸ਼ੋਅ’ ਕਰਨਗੇ। ਜਰਨੈਲ ਸਿੰਘ ਇਥੇ ਪਾਰਟੀ ਦਫ਼ਤਰ ਵਿੱਚ ਵਰਕਰਾਂ ਅਤੇ ਆਗੂਆਂ ਨਾਲ ਚੋਣ ਰਣਨੀਤੀ ਅਤੇ ਰੋਡ ਸ਼ੋਅ ਦੀਆਂ ਤਿਆਰੀਆਂ ਬਾਰੇ ਸਮੀਖਿਆ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਵਿਰੋਧੀ ਪਾਰਟੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸ਼੍ਰ੍ਰੋਮਣੀ ਅਕਾਲੀ ਦਲ ਬਾਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਨਸ਼ਾ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦੇ ਕੇ ਪੰਜਾਬ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਜਿਸ ਦੇ ਸੰਸਦੀ ਹਲਕੇ ਤੋਂ ‘ਆਪ’ ਜਿੱਤ ਦੀ ਹੈਟ੍ਰਿਕ ਬਣਾਏਗੀ।
ਘਰਾਚੋਂ ਵਿੱਚ ਸਿਰਫ ਗੁਰਮੇਲ ਸਿੰਘ ਦਾ ਬੂਥ ਲਗਾਉਣ ਦੀ ਅਪੀਲ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਘਰਾਚੋਂ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਮੈਂਬਰ ਤੇ ਸਾਬਕਾ ਪੰਚ ਗੁਰਮੀਤ ਸਿੰਘ ਨੇ ਸਮੂਹ ਨਗਰ ਨਿਵਾਸੀਆ ਨੂੰ ਅਪੀਲ ਕੀਤੀ ਕਿ ਚੋਣਾਂ ਵਾਲੇ ਦਿਨ ਸਿਰਫ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜ ਰਹੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਦਾ ਹੀ ਬੂਥ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਗੁਰਮੇਲ ਸਿੰਘ ਨੂੰ ਲੋਕ ਸਭਾ ਦਾ ਉਮੀਦਵਾਰ ਬਣਾ ਕੇ ਸਾਰੇ ਪਿੰਡ ਦਾ ਨਾਂ ਉੱਚਾ ਕੀਤਾ ਹੈ ਤਾਂ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਰਪੰਚ ਗੁਰਮੇਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾਈਏ ਅਤੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਦੀਆ ਵੱਧ ਤੋਂ ਵੱਧ ਵੋਟਾਂ ਪਵਾਈਏ।
ਵਿਧਾਇਕ ਵੱਲੋਂ ਗੁਰਮੇਲ ਘਰਾਚੋਂ ਦੇ ਹੱਕ ਵਿੱਚ ਪ੍ਰਚਾਰ
ਦੇਵੀਗੜ੍ਹ (ਪੱਤਰ ਪ੍ਰੇਰਕ): ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਢੱਡਰੀਆਂ, ਮੰਢੇਰ, ਦਿਆਲਗੜ੍ਹ, ਰੱਤੋਕੇ, ਬੁਘਰਾ, ਤੋਗਾਵਾਲ, ਤਕੀਪੁਰ, ਸਤੀਪੁਰ, ਦੇਸੂਪੁਰਾ, ਲੋਹਾਖੇੜਾ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਵੇਲਾ ਵਿਆਹ ਚੁੱਕੀਆਂ ਹਨ ਜੋ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹਨ। ਉਨ੍ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਿਹਾਰ ਸਿੰਘ ਚੀਮਾ, ਅਮਨ ਢੋਟ, ਹਰਜੀਤ ਸਿੰਘ, ਜਰਨੈਲ ਸਿੰਘ ਅਲੀਪੁਰ, ਹਰਦੇਵ ਸਿੰਘ ਘੜਾਮ, ਗੁਰਮੀਤ ਗਿੱਲ, ਕਾਲਾ ਵਿਰਕ, ਲੱਕੀ ਦੌਣ ਕਲਾਂ, ਅਮਰ ਸੰਘੇੜਾ, ਜੈਦੀਪ, ਯੁਵਰਾਜ, ਰਾਜਬੀਰ ਸੰਧੂ ਬ੍ਰਹਮਪੁਰ ਮੌਜੂਦ ਸਨ।