ਰਾਜਿੰਦਰ ਜੈਦਕਾ
ਅਮਰਗੜ੍ਹ, 9 ਅਪਰੈਲ
ਕਨਵੀਨਰ ਕਮ-ਉਪ ਮੰਡਲ ਮੈਜਿਸਟਰੇਟ ਅਹਿਮਦਗੜ੍ਹ ਵਿਕਰਮਜੀਤ ਸਿੰਘ ਪੈਂਥੇ ਨੇ ਨਗਰ ਪੰਚਾਇਤ ਦੇ ਚੁਣੇ ਹੋਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਕਰਨ ਲਈ ਅੱਜ ਮੀਟਿੰਗ ਕੀਤੀ। ਮੀਟਿੰਗ ਵਿੱਚ 11 ਵਾਰਡਾਂ ਦੇ ਜਿੱਤੇ ਕੌਂਸਲਰ ਜਿਨ੍ਹਾਂ ਵਿੱਚ ਕਾਂਗਰਸ ਦੇ 5, ਸ਼੍ਰੋਮਣੀ ਅਕਾਲੀ ਦਲ ਦੇ 5 ਅਤੇ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਇਲਾਵਾ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਭਾਗ ਲਿਆ।ਇਸ ਮੌਕੇ ਕੌਂਸਲਰ ਮਾਸਟਰ ਸ਼ੇਰ, ਜਸਪਾਲ ਕੌਰ ਪਤਨੀ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ, ਗੁਰਮੇਲ ਕੌਰ, ਸ਼ਰਧਾ ਰਾਮ, ਹਰਜੀਤ ਸਿੰਘ ਤੇ ਆਪ ਦੇ ਗੁਰਦਾਸ ਸਿੰਘ ਨੇ ਮੈਡਮ ਜਸਪਾਲ ਕੌਰ ਪਤਨੀ ਸਰਬਜੀਤ ਸਿੰਘ ਗੋਗੀ ਨੂੰ ਪ੍ਰਧਾਨ ਤੇ ਆਪ ਦੇ ਗੁਰਦਾਸ ਸਿੰਘ ਨੂੰ ਮੀਤ ਪ੍ਰਧਾਨ ਚੁਣ ਲਿਆ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਨਗਰ ਪੰਚਾਇਤ ਦੇ ਦਫਤਰ ਤੋਂ ਬਾਜ਼ਾਰ ਵਿੱਚ ਪਟਾਕੇ ਚਲਾਕੇ ਤੇ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਐੱਮਡੀ ਸਵਰਨਜੀਤ ਸਿੰਘ, ਚੇਅਰਮੈਨ ਪਲਵਿੰਦਰ ਸਿੰਘ, ਵਾਈਸ ਚੇਅਰਮੈਨ ਮਹਿੰਦਰ ਸਿੰਘ, ਪੀਏ ਮਨਜਿੰਦਰ ਸਿੰਘ, ਤੇਜੀ ਕਮਾਲਪੁਰ, ਪਵਿੱਤਰ ਸਿੰਘ, ਪ੍ਰਿੰਸੀ ਜੋਸ਼ੀ, ਸਾਬਕਾ ਸਰਪੰਚ ਦਵਾਰਕਾ ਦਾਸ ਭੋਲਾ, ਜਸਮਿੰਦਰ ਸਿੰਘ ਜੱਸੀ, ਪਰਮਜੀਤ ਸਿੰਘ ਯਾਮਾ, ਜੀਤ ਸਿੰਘ ਆਦਿ ਹਾਜ਼ਰ ਸਨ। ਚੋਣ ਪ੍ਰਕਿਰਿਆ ਦਾ ਬਾਈਕਾਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਉਮੀਦਵਾਰ ਜਸਵਿੰਦਰ ਸਿੰਘ ਦੱਦੀ, ਹਰਜੀਤ ਕੌਰ ਪਤਨੀ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਰਿਸ਼ੂ ਸਿੰਗਲਾ ਪਤਨੀ ਹਰਸ਼ ਸਿੰਗਲਾ, ਰੁਚਿਕਾ ਕੌੜਾ ਪਤਨੀ ਦੀਪਕ ਕੌੜਾ ਤੇ ਮੀਕੋ ਪਤਨੀ ਭਜਨ ਰਾਮ ਨੇ ਕਿਹਾ ਕਿ ਕਾਂਗਰਸ ਤੇ ਆਪ ਦਾ ਇਹ ਨਾਪਾਕ ਚੋਣ ਗੱਠਜੋੜ ਹੈ। ਇੱਕ ਪਾਸੇ ਦਾ ਤਾਂ ਇਹ ਪਾਰਟੀਆਂ ਇੰਕ ਦੂਜੇ ਦਾ ਵਿਰੋਧ ਕਰਦੇ ਹੋਏ ਇਕ ਦੂਜੇ ਨੂੰ ਭੰਡਦੀ ਨਹੀਂ ਥੱਕਦੀਆਂ ਤੇ ਦੂਜੇ ਪਾਸੇ ਨਗਰ ਪੰਚਾਇਤ ਅਮਰਗੜ੍ਹ ਦੀ ਚੋਣ ਵਿੱਚ ਆਪ ਤੇ ਕਾਂਗਰਸ ਘਿਉ-ਖਿਚੜੀ ਹੋ ਗਈਆਂ।