ਪੱਤਰ ਪ੍ਰੇਰਕ
ਭਵਾਨੀਗੜ੍ਹ, 5 ਮਈ
ਜਥੇਦਾਰ ਨਿਰਮਲ ਸਿੰਘ ਭੜੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ (ਸੰਗਰੂਰ-ਮਾਲੇਰਕੋਟਲਾ) ਅਤੇ ਸੰਯੁਕਤ ਸਕੱਤਰ ਪੰਜਾਬ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਨਿਰਮਲ ਸਿੰਘ ਭੜੋ ਨੇ ਅੱਜ ਇੱਥੇ ਦੱਸਿਆ ਕਿ ਉਹ ਉਕਤ ਦੋਵਾਂ ਅਹੁਦਿਆਂ ਤੋਂ ਆਪਣੀ ਘਰੇਲੂ ਮਜਬੂਰੀ ਅਤੇ ਸਿਹਤ ਢਿੱਲੀ ਰਹਿਣ ਕਾਰਨ ਅਸਤੀਫਾ ਦੇ ਰਹੇ ਹਨ, ਮੈਂਬਰ ਬਣੇ ਰਹਿਣਗੇ। ਉਂਜ ਉੁਨ੍ਹਾਂ ਨਾਲ ਹੀ ਅਕਾਲੀ ਦਲ ਦੀ ਮਾੜੀ ਕਾਰਗੁਜ਼ਾਰੀ ਬਾਰੇ ਟਿੱਪਣੀ ਕਰਦਿਆਂ ਲੀਡਰਸ਼ਿਪ ਨੂੰ ਨਸੀਹਤ ਦਿੱਤੀ ਕਿ ਜੇਕਰ ਅਜੇ ਵੀ ਪਾਰਟੀ ਨੇ ਆਪਣੇ ਸਿਧਾਂਤਾਂ ’ਤੇ ਪਹਿਰਾ ਨਾ ਦਿੱਤਾ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ। ਉੁਨ੍ਹਾਂ ਕਿਹਾ ਕਿ ਟਕਸਾਲੀ ਵਰਕਰਾਂ ਅਤੇ ਪਰਿਵਾਰਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ।
ਜਥੇਦਾਰ ਭੜੋ ਨੇ ਦੱਸਿਆ ਕਿ ਉਹ ਆਪਣਾ ਅਸਤੀਫਾ ਪਾਰਟੀ ਦਫਤਰ ਚੰਡੀਗੜ੍ਹ ਅਤੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਡਾਕ ਰਾਹੀ ਭੇਜ ਰਹੇ ਹਨ।