ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 8 ਜੁਲਾਈ
ਅਕਾਲੀ ਦਲ (ਟਕਸਾਲੀ) ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਅੱਜ ਪਾਰਟੀ ਦੀ ਜ਼ਿਲ੍ਹਾ ਪ੍ਰਧਾਨਗੀ ਤੇ ਕੋਰ ਕਮੇਟੀ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਸੁਖਦੇਵ ਸਿੰਘ ਢੀਂਡਸਾ ਨਾਲ ਖੜ੍ਹਨ ਦਾ ਐਲਾਨ ਕੀਤਾ। ਜਥੇਦਾਰ ਸਰੌਦ ਲੰਬੇ ਸਮੇਂ ਤੋਂ ਢੀਂਡਸਾ ਪਰਿਵਾਰ ਦੇ ਕਾਫੀ ਨੇੜੇ ਸਮਝੇ ਜਾਂਦੇ ਹਨ। ਉਨ੍ਹਾਂ ਦਾ ਹਲਕੇ ਦੇ ਪਿੰਡਾਂ ’ਚ ਚੰਗਾ ਰਸੂਖ ਹੈ। ਉਨ੍ਹਾਂ ਕੱਲ੍ਹ ਲੁਧਿਆਣਾ ’ਚ ਹੋਈ ਢੀਂਡਸਾ ਸਮਰਥਕਾਂ ਦੀ ਮੀਟਿੰਗ ਵਿੱਚ ਵਰਕਰਾਂ ਸਣੇ ਸ਼ਿਰਕਤ ਕੀਤੀ ਸੀ। ਜਥੇਦਾਰ ਸਰੌਦ ਨੇ ਆਖਿਆ ਕਿ ਉਨ੍ਹਾਂ ਇਹ ਫ਼ੈਸਲਾ ਸ੍ਰੀ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ’ਚ ਪੰਥਕ ਪ੍ਰੰਪਰਾਵਾਂ ਦੀ ਬਹਾਲੀ ਨੂੰ ਲੈ ਕੇ ਵਿੱਢੇ ਸੰਘਰਸ਼ ਨੂੰ ਵੇਖਦਿਆਂ ਲਿਆ ਹੈ। ਉਨ੍ਹਾਂ ਅਕਾਲੀ ਦਲ (ਬਾਦਲ) ਤੋਂ ਉਸ ਵੇਲੇ ਕਿਨਾਰਾ ਕਰ ਲਿਆ ਸੀ, ਜਦੋਂ ਅਕਾਲੀ ਦਲ (ਟਕਸਾਲੀ) ਹੋਂਦ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਢੀਂਡਸਾ ਵੱਲੋਂ ਸ਼ੁਰੂ ਕੀਤੀ ਏਕੇ ਦੀ ਕਵਾਇਦ ਵਿੱਚ ਰੋੜਾ ਬਣਨ ਵਾਲੇ ਆਗੂਆਂ ਨੂੰ ਸਮਾਂ ਕਦੇ ਵੀ ਮੁਆਫ਼ ਨਹੀ ਕਰੇਗਾ। ਉਨ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਸ੍ਰੀ ਢੀਂਡਸਾ ਦਾ ਸਾਥ ਦੇਣ ਦੀ ਅਪੀਲ ਕੀਤੀ।