ਬੀਰਬਲ ਰਿਸ਼ੀ
ਸ਼ੇਰਪੁਰ, 19 ਅਕਤੂਬਰ
ਕਾਲਾਬੂਲਾ ’ਚ ਨਿਕਾਸੀ ਨਾਲੇ ਕਾਰਨ ਧੜਿਆਂ ’ਚ ਵੰਡੇ ਪਿੰਡ ਵਾਸੀਆਂ ਦਰਮਿਆਨ ਹਾਲ ਹੀ ਵਿੱਚ ਹੋਏ ਝਗੜੇ ਦੌਰਾਨ ਪਿੰਡ ਦੀ ਇੱਕ ਔਰਤ ਦੇ ਬਿਆਨਾਂ ’ਤੇ ਪੁਲੀਸ ਨੇ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਪੰਜ ਔਰਤਾਂ ਸਮੇਤ 7 ਜਣਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਯਾਦ ਰਹੇ ਕਿ ਨਿਕਾਸੀ ਨਾਲੇ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਦੋ ਧਿਰਾਂ ਵਿੱਚ ਆਪਸੀ ਵਿਵਾਦ ਚਲਦਾ ਆ ਰਿਹਾ ਹੈ। ਇਹ ਮਸਲਾ ਪੁਲੀਸ, ਬੀਡੀਪੀਓ ਵਿਭਾਗ ਅਤੇ ਐੱਸਡੀਐੱਮ ਦਫ਼ਤਰ ਤੱਕ ਸਮੂਹ ਅਧਿਕਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ।
ਪਿੰਡ ਕਾਲਾਬੂਲਾ ਦੀ ਅੰਮ੍ਰਿਤਪਾਲ ਕੌਰ ਪਤਨੀ ਗੁਰਮੇਲ ਸਿੰਘ ਨੇ ਪੁਲੀਸ ਕੋਲ ਬਿਆਨ ਲਿਖਵਾਏ ਕਿ ਉਨ੍ਹਾਂ ਦਾ ਘਰ ਕਾਤਰੋਂ ਵਾਲੇ ਕੱਚੇ ਰਸਤੇ ’ਤੇ ਬਣਿਆ ਹੋਇਆ ਹੈ। ਨਿਕਾਸੀ ਨਾਲੇ ਵਿੱਚੋਂ ਆਉਂਦੇ ਪਾਣੀ ਕਾਰਨ ਉਸ ਦੇ ਘਰ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਸੀ। ਇਹ ਮਾਮਲਾ ਧੂਰੀ ਦੀ ਅਦਾਲਤ ਵਿੱਚ ਵੀ ਵਿਚਾਰਨਯੋਗ ਹੈ। ਬਿਆਨ ਅਨੁਸਾਰ ਉਨ੍ਹਾਂ ਆਪਣੇ ਘਰ ਨੂੰ ਨੁਕਸਾਨ ਤੋਂ ਬਚਾਉਣ ਲਈ ਘਰ ਅੱਗੇ ਨੱਕਾ ਲਗਾਇਆ ਹੋਇਆ ਸੀ। ਉਨ੍ਹਾਂ ਦੇ ਮੁੱਖ ਗੇਟ ’ਤੇ ਪਲਵਿੰਦਰ ਕੌਰ, ਪਰਮਜੀਤ ਕੌਰ, ਰਾਣੀ ਕੌਰ, ਗੁਰਨਾਮ ਕੌਰ ਤੇ ਬਲਵਿੰਦਰ ਕੌਰ ਨੇ ਆ ਕੇ ਉਸ ਨੂੰ ਘੜੀਸ ਲਿਆ ਤੇ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਹੰਸਾ ਸਿੰਘ ਅਤੇ ਕਰਨੈਲ ਸਿੰਘ ਨੇ ਇਸ ਲੜਾਈ ਨੂੰ ਕਥਿਤ ਤੌਰ ’ਤੇ ਹੱਲਾਸ਼ੇਰੀ ਦਿੱਤੀ। ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਲੜਾਈ ਮਗਰੋਂ ਉਸ ਨੂੰ ਧੂਰੀ ਹਸਪਤਾਲ ਪਹੁੰਚਾਇਆ ਗਿਆ। ਮੌਜੁਦਾ ਸਮੇਂ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਮਾਮਲਾ ਐੱਸਸੀ ਕਮਿਸ਼ਨ ਦੇ ਧਿਆਨ ’ਚ ਲਿਆਂਦਾ ਜਾਵੇਗਾ : ਮਜ਼ਦੂਰ ਧਿਰ
ਮਜ਼ਦੂਰ ਧਿਰ ਵੱਲੋਂ ਰਣਜੀਤ ਸਿੰਘ ਨੇ ਸਾਰੇ ਦੋਸ਼ ਨਕਾਰੇ ਤੇ ਕਿਹਾ ਕਿ ਸਬੰਧਤ ਪਰਿਵਾਰ ਨੇ ਨਾਲੇ ਨੂੰ ਮਿੱਟੀ ਨਾਲ ਭਰਕੇ ਬੰਦ ਕੀਤਾ ਹੋਇਆ ਸੀ ਜਿਸ ਕਰਕੇ ਗੰਦਾ ਪਾਣੀ ਮਜ਼ਦੂਰ ਪਰਿਵਾਰਾਂ ਦੇ ਘਰਾਂ ’ਚ ਵੜ ਰਿਹਾ ਸੀ। ਇਸ ਕਰਕੇ ਸਬੰਧਤ ਔਰਤਾਂ ਨੇ ਸਿਰਫ ਨੱਕਾ ਖੋਲ੍ਹਣ ਲਈ ਕਿਹਾ ਸੀ ਅਤੇ ਹੁਣ ਉਹ ਇਸ ਮਾਮਲੇ ਸਬੰਧੀ ਐੱਸਸੀ ਕਮਿਸ਼ਨ ਅਤੇ ਐੱਸਐੱਸਪੀ ਸੰਗਰੂਰ ਕੋਲ ਪਹੁੰਚ ਕਰਨਗੇ। ਇਸੇ ਦੌਰਾਨ ਸਰਪੰਚ ਸੁਖਦੇਵ ਸਿੰਘ ਬਿੰਨੜ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਦੇ ਘਰਾਂ ਨਜ਼ਦੀਕ ਵਾਲਾ ਟੋਭਾ ਬਹੁਤ ਛੋਟਾ ਹੈ ਜਿੱਥੋ ਘਨੌਰੀ ਕਲਾਂ ਵੱਲ ਪਾਣੀ ਦੀ ਨਿਕਾਸੀ ਕੀਤੀ ਹੈ। ਉਹ ਟੋਭਾ ਦਸ ਬਾਰਾਂ ਵਿੱਘਿਆਂ ਵਿੱਚ ਹੈ ਅਤੇ ਪਹਿਲਾਂ ਵੀ ਉੱਥੇ ਪੰਜਾਹ-ਸੱਠ ਘਰਾਂ ਦਾ ਪਾਣੀ ਪੈ ਰਿਹਾ ਹੈ। ਕੁਝ ਲੋਕਾਂ ਨੇ ਨਾਲਾ ਬਣਾਏ ਜਾਣ ਸਮੇਂ ਵੀ ਅੜਿੱਕੇ ਲਗਾਏ ਤੇ ਪੰਚਾਇਤ ਨੂੰ ਪੁਲੀਸ ਇਮਦਾਦ ਵੀ ਲੈਣੀ ਪਈ।