ਪੱਤਰ ਪ੍ਰੇਰਕ
ਸ਼ੇਰਪੁਰ, 12 ਫਰਵਰੀ
ਹਲਕਾ ਮਹਿਲ ਕਲਾਂ ਰਾਖਵਾਂ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਦਾ ਪਾਰਟੀ ਅੰਦਰਲਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਾਰਟੀ ਆਗੂਆਂ ਦੀ ਲਿਸਟ ਵਿੱਚ ਹੁਣ ਬੀਬੀ ਘਨੌਰੀ ਦੀ ਟਿਕਟ ਦਾ ਵਿਰੋਧ ਕਰਦੇ ਆ ਰਹੇ ਟਕਸਾਲੀ ਕਾਂਗਰਸੀ ਕਮੇਟੀ ਦੀ ਪੰਜ ਮੈਂਬਰੀ ਟੀਮ ਵਿੱਚ ਸ਼ੁਮਾਰ ਸਰਪੰਚ ਰਣਜੀਤ ਰਾਣਾ ਕਲਾਲਾ ਦਾ ਨਾਮ ਸ਼ੁਮਾਰ ਹੋ ਗਿਆ ਹੈ। ਉਨ੍ਹਾਂ ਅੱਜ ਆਪਣੇ ਡੇਢ ਦਰਜਨ ਸਾਥੀਆਂ ਸਮੇਤ ਅੱਜ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਯਾਦ ਰਹੇ ਇਸ ਤੋਂ ਪਹਿਲਾਂ ਸਾਬਕਾ ਬਲਾਕ ਪ੍ਰਧਾਨ ਹਰਦੀਪ ਸਿੰਘ ਹੈਪੀ, ਬਲਾਕ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਸਰਪੰਚ ਗੁਰਦੀਪ ਸਿੰਘ, ਸਾਬਕਾ ਸਮਿਤੀ ਮੈਂਬਰ ਸ਼ਿਵੰਦਰਪਾਲ ਸਿੰਘ ਰਾਜੂ ਸਮੇਤ ਕਈ ਆਗੂ ਪਾਰਟੀ ਤੋਂ ਕਿਨਾਰਾ ਕਰ ਗਏ ਹਨ। ਸੀਨੀਅਰ ਕਾਂਗਰਸੀ ਤੇ ਸਾਬਕਾ ਸਰਪੰਚ ਰਣਜੀਤ ਸਿੰਘ ਕਲਾਲਾ ਨੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੀ ਪਤਨੀ ਮੌਜੂਦਾ ਸਰਪੰਚ ਹੈ ਜਿਸ ਨਾਲ ਬਹੁਗਿਣਤੀ ਪੰਚ, ਬਲਾਕ ਸਮਿਤੀ ਮੈਂਬਰ ਤੇ ਹੋਰਨਾਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਟਿਕਟ ਦੇਣ ਤੋਂ ਪਹਿਲਾਂ ਉਨ੍ਹਾਂ ਹਾਈਕਮਾਂਡ ਅੱਗੇ ਆਪਣਾ ਰੋਸ ਦਰਜ਼ ਕਰਵਾਇਆ ਸੀ ਪਰ ਕਿਸੇ ਨੇ ਨਹੀਂ ਸੁਣੀ। ਉਧਰ ਜ਼ਿਲ੍ਹਾ ਪਰੀਸ਼ਦ ਮੈਂਬਰ ਬੀਬੀ ਦੇ ਪਤੀ ਅਮਨਦੀਪ ਸਿੰਘ ਬਧੇਸਾ ਨੇ ਕਿਹਾ ਕਿ ਉਹ ਹਾਲੇ ਚੁੱਪ ਹਨ ਜਿਸ ਤਹਿਤ ਉਹ ਨਾ ਤਾਂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਤੁਰਨਗੇ ਨਾ ਵਿਰੋਧ ਕਰਨਗੇ। ਸਮਿਤੀ ਮੈਂਬਰ ਨਿਰੰਜਣ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ’ਤੇ ਪਰਚੇ ਕਰਵਾਉਣ ਵਾਲਿਆਂ ਦੀ ਮੱਦਦ ਲਈ ਕਿਵੇਂ ਤੁਰ ਸਕਦਾ ਹੈ। ਉਧਰ ਭਰੋਸੇਯੋਗ ਸੂਤਰਾਂ ਅਨੁਸਾਰ ਟਕਸਾਲੀ ਕਾਂਗਰਸੀ ਕਮੇਟੀ ਦੇ ਦੋ ਮੈਂਬਰਾਂ ਨਾਲ ਪਾਰਟੀ ਪੰਜਾਬ ਦੇ ਇੰਚਾਰਜ ਦੀ ਮੀਟਿੰਗ ਹੋਈ ਜਿਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਦੇ ਸੰਭਾਵੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਸਿੱਧਾ ਰਾਬਤਾ ਰੱਖਣ ਦੇ ਸਬਜ਼ਬਾਗ ਵਿਖਾ ਕੇ ਪੁਚਕਾਰਨ ਦੀ ਕੋਸ਼ਿਸ਼ ਕੀਤੀ।ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪੱਖੋ ਨੇ ਕਿਹਾ ਕਿ ਮਾਮਲਾ ਸੁਲਝਾਉਣ ਲਈ ਉਹ ਟਕਸਾਲੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ।