ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 20 ਅਕਤੂਬਰ
ਕੋਲੇ ਦੇ ਰੇਟ ਵਧਣ ਕਾਰਨ ਸੰਗਰੂਰ ਇਲਾਕੇ ਦੇ ਭੱਠੇ ਮਾਲਕਾਂ ਦੀਆਂ ਦਿੱਕਤਾਂ ਵਧ ਗਈਆਂ ਹਨ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਜਿੱਥੇ ਕੋਲੇ ਦੀ ਕੀਮਤ ਅਸਮਾਨੀਂ ਚੜ੍ਹ ਗਈ ਹੈ, ਉੱਥੇ ਉਨ੍ਹਾਂ ਨੂੰ ਜੀਐੱਸਟੀ ਦੀ ਵੱਡੀ ਮਾਰ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਕੋਲਾ 7500 ਰੁਪਏ ਪ੍ਰਤੀ ਟਨ ਖ਼ਰੀਦਿਆ ਸੀ ਤੇ ਇਸ ਵਾਰ ਕੋਲਾ 22000 ਹਜ਼ਾਰ ਰੁਪਏ ਟਨ ਖਰੀਦਣਾ ਪੈ ਰਿਹਾ ਹੈ। ਤਿੰਨ ਗੁਣਾ ਕੀਮਤਾਂ ਵਧਣ ਕਾਰਨ ਕੋਲਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ ਜਿਸ ਕਾਰਨ ਭੱਠੇ ਬੰਦ ਹੋਣ ਕਿਨਾਰੇ ਹਨ। ਕਈ ਭੱਠਾ ਮਾਲਕ ਭੱਠੇ ਬੰਦ ਕਰਕੇ ਘਰਾਂ ’ਚ ਬੈਠ ਗਏ ਹਨ।
ਪਿੰਡ ਸਮੂਰਾਂ ਦੇ ਭੱਠਾ ਮਾਲਕ ਤਰਸੇਮ ਸ਼ਰਮਾ ਰੋਗਲਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 220 ਭੱਠਿਆਂ ਰਾਹੀਂ ਕਰੀਬ 20 ਹਜ਼ਾਰ ਮਜ਼ਦੂਰਾਂ ਦੇ ਪਰਿਵਾਰਾਂ ਦਾ ਚੁੱਲ੍ਹਾ ਭਖਦਾ ਹੈ ਪਰ ਜੇਕਰ ਕੋਲੇ ਦੀ ਕੀਮਤ ਇਸੇ ਤਰ੍ਹਾਂ ਵਧਦੀ ਰਹੀ ਤਾਂ ਜਿਥੇ ਭੱਠੇ ਬੰਦ ਹੋ ਜਾਣਗੇ, ਉਥੇ ਮਜ਼ਦੂਰਾਂ ਦੇ ਚੁੱਲ੍ਹੇ ਵੀ ਠੰਢੇ ਹੋ ਜਾਣਗੇ। ਮਜ਼ਦੂਰਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਵੇਗਾ। ਭੱਠਾ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਭੱਠੇ ’ਤੇ ਕੀਤੀ ਜਾਂਦੀ ਮਜ਼ਦੂਰੀ ’ਤੇ ਹੀ ਨਿਰਭਰ ਹਨ। ਜੇਕਰ ਭੱਠੇ ਬੰਦ ਹੋ ਗਏ ਤਾਂ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਵੱਡੀ ਢਾਹ ਲੱਗੇਗੀ।
ਪਿੰਡ ਸਮੂਰਾਂ ਦੇ ਭੱਠਾ ਮਾਲਕ ਤਰਸੇਮ ਰੋਗਲਾ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਕੋਲੇ ਦੇ ਰੇਟ ਨੂੰ ਕਾਬੂ ਹੇਠ ਨਾ ਕੀਤਾ ਤਾਂ ਭੱਠਿਆਂ ਦੇ ਬੰਦ ਹੋਣ ਨਾਲ ਲੱਖਾਂ ਮਜ਼ਦੂਰ ਵਿਹਲੇ ਹੋ ਜਾਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾੜੀ ਆਰਥਿਕ ਹਾਲਤ ਦੀ ਦਲਦਲ ਵਿੱਚ ਫਸੀ ਭੱਠਾ ਸਨਅਤ ਨੂੰ ਬਚਾਉਣ ਲਈ ਕੋਲੇ ਦਾ ਰੇਟ ਅਤੇ ਜੀਐੱਸਟੀ ਪਹਿਲਾਂ ਵਾਂਗ ਹੀ ਮਿੱਥੇ ਜਾਣ ਤਾਂ ਹੀ ਭੱਠਾ ਸਨਅਤ ਆਪਣੇ ਪੈਰਾਂ ਸਿਰ ਖੜ੍ਹੀ ਹੋ ਸਕਦੀ ਹੈ।