ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਦਸੰਬਰ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਪੰਜ ਦਿਨਾਂ ਤੋਂ ਡਟੇ ਸੈਂਕੜੇ ਭੱਠਾ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਮਜ਼ਦੂਰਾਂ ਨੇ ਸਰਕਾਰ ਦੇ ਨਾਂਹ-ਪੱਖੀ ਰਵੱਈਏ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਧਰਨਾ ਜਾਰੀ ਰੱਖਣ ਅਤੇ 27 ਦਸੰਬਰ ਨੂੰ ਰੈਲੀ ਕਰਨ ਦਾ ਐਲਾਨ ਕੀਤਾ।
ਬੀਤੀ 20 ਦਸੰਬਰ ਤੋਂ ਡੀ.ਸੀ. ਕੰਪਲੈਕਸ ਰੋਡ ’ਤੇ ਲਾਲ ਬੱਤੀ ਵਾਲੇ ਪਾਸੇ ਦਿਨ-ਰਾਤ ਦੇ ਰੋਸ ਧਰਨੇ ’ਤੇ ਡਟੇ ਸੈਂਕੜੇ ਭੱਠਾ ਮਜ਼ਦੂਰਾਂ ਵੱਲੋਂ ਅੱਜ ਪੰਜਵੇਂ ਦਿਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਪੰਜ ਦਿਨਾਂ ਦੌਰਾਨ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਕੜਾਕੇ ਦੀ ਠੰਢ ਵਿੱਚ ਬੈਠੇ ਮਜ਼ਦੂਰਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਰਕਾਰ ਦੇ ਅਜਿਹੇ ਰਵੱਈਏ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੋੇਣ ਲਈ ਵੱਖ-ਵੱਖ ਜ਼ਿਲਿ੍ਹਆਂ ਵਿਚ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੇ ਨਾਂਹਪੱਖੀ ਰਵੱਈਏ ਖ਼ਿਲਾਫ਼ 27 ਦਸੰਬਰ ਨੂੰ ਭੱਠਾ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਇਤਿਹਾਸਕ ਹੋਵੇਗੀ।