ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਦਸੰਬਰ
ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜ ਦਿਨਾਂ ਪੱਕਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖੇ ਸੰਘਰਸ਼ ਦਾ ਐਲਾਨ ਕਰਕੇ ਪੰਜਾਬ ਭਰ ਦੇ ਮਜ਼ਦੂਰ ਚੰਡੀਗੜ੍ਹ ਵੱਲ ਕੂਚ ਕਰਨਗੇ ਅਤੇ ਚੋਣਾਂ ਦੌਰਾਨ ਵੋਟਾਂ ਮੰਗਣ ਆਉਣ ਵਾਲੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ।
ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਦਾ ਕਾਨੂੰਨ ਪਾਸ ਕਰਕੇ ਸਿਰਫ਼ ਕਿਸਾਨ-ਮਜ਼ਦੂਰਾਂ ’ਤੇ ਹੀ ਨਹੀਂ ਸਗੋਂ ਸਮੁੱਚੇ ਲੋਕਾਂ ’ਤੇ ਕਾਰਪੋਰੇਟ ਜਗਤ ਦਾ ਕੁਹਾੜਾ ਚਲਾ ਦਿੱਤਾ। ਉਸ ਸਮੇਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਪਾਸ ਕਰ ਦਿੱਤੇ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ 44 ਕਾਨੂੰਨ ਰੱਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਚਾਰ ਲੇਬਰ ਕੋਡ ਲਾਗੂ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ ਅਤੇ ਪੰਜਾਬ ਸਰਕਾਰ ਨੇ ਪਹਿਲੀ ਸਤੰਬਰ 2019 ਤੋਂ ਮਹਿੰਗਾਈ ਅੰਕੜਿਆਂ ਨੂੰ ਰੋਕ ਆਪਣਾ ਕਿਰਦਾਰ ਨੰਗਾ ਕਰ ਦਿੱਤਾ ਹੈ ਅਤੇ 2012 ਤੋਂ ਬਾਅਦ ਉਜਰਤਾਂ ਦੀ ਦੁਹਰਾਈ ਰੋਕ ਰੱਖੀ ਹੈ ਜਦੋਂ ਕਿ ਹਰ ਪੰਜ ਸਾਲਾਂ ਬਾਅਦ ਦੁਹਰਾਈ ਕਰਨੀ ਜ਼ਰੂਰੀ ਹੁੰਦੀ ਹੈ। ਸ੍ਰੀ ਜੋਧਾਂ ਨੇ ਕਿਹਾ ਕਿ ਬਕਾਇਆ ਰਹਿੰਦੀਆਂ ਤਿੰਨ-ਤਿੰਨ ਛਿਮਾਹੀਆਂ ਦੇ ਅੰਕੜਿਆਂ ਮੁਤਾਬਕ ਉਜਰਤਾਂ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ, 10 ਸਾਲਾਂ ਤੋਂ ਰੁਕੀ ਦੁਹਰਾਈ ਤੁਰੰਤ ਕੀਤੀ ਜਾਵੇ, ਅਤੇ ਸੰਘਰਸ਼ੀ ਕਿਸਾਨਾਂ-ਮਜ਼ਦੂਰਾਂ-ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ। ਜੇਕਰ ਅਜਿਹਾ ਨਾ ਕੀਤਾ ਤਾਂ ਪੰਜਾਬ ਦੇ ਹਜ਼ਾਰਾਂ ਮਜ਼ਦੂਰ ਚੰਡੀਗੜ੍ਹ ਵੱਲ ਕੂਚ ਕਰਨਗੇ। ਇਸ ਮੌਕੇ ਸੂਬਾ ਆਗੂਆਂ ਦਰਸ਼ਨ ਸਿੰਘ ਕੰਗਣਵਾਲ, ਸੱਤਪਾਲ ਸਿੰਘ ਬਹਿਣੀਵਾਲ, ਚਰਨਜੀਤ ਸਿੰਘ ਹਿਮਾਯੂਪੁਰਾ, ਸ਼ੇਰ ਸਿੰਘ ਢੰਡੋਲੀ, ਪ੍ਰਕਾਸ਼ ਸਿੰਘ ਹਿੱਸੋਵਾਲ, ਅਮਰਜੀਤ ਸਿੰਘ ਤੇ ਪਰਵਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ।
ਡੀਸੀ ਕੰਪਲੈਕਸ ਵਾਲੀ ਮੁੱਖ ਸੜਕ ਹੋਈ ਜਾਮ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਵੱਖੋ ਵੱਖਰੇ ਪੰਜ ਦਿਨਾਂ ਪੱਕੇ ਰੋਸ ਧਰਨਿਆਂ ਕਾਰਨ ਅੱਜ ਡੀਸੀ ਕੰਪਲੈਕਸ ਵਾਲੀ ਮੁੱਖ ਸੜਕ ’ਤੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰਹੀ। ਧਰਨਾਕਾਰੀ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਅਤੇ ਮਜ਼ਦੂਰਾਂ ਦੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਪੱਕੇ ਰੋਸ ਧਰਨਿਆਂ ਕਾਰਨ ਅਗਲੇ ਚਾਰ ਦਿਨਾਂ ਦੌਰਾਨ ਵੀ ਇਸ ਸੜਕ ਉਪਰ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਹੀ ਰਹੇਗੀ।