ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਵਿਦਿਆਰਥੀ ਕੀਰਤਨ ਦਰਬਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਗੁਰਦੁਆਰਾ ਸਾਹਿਬ ਹਰਗੋਬਿੰਦਪੁਰਾ ਵਿੱਚ ਪਹਿਲੀ ਵਾਰ ਬਿਨਾਂ ਮੁਕਾਬਲੇ ਤੋਂ ਕਰਵਾਇਆ ਗਿਆ। ਇਹ ਸਮਾਗਮ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਦੇ ਸਹਿਯੋਗ ਨਾਲ, ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ, ਗੁਰਮੇਲ ਸਿੰਘ ਵਿੱਤ ਸਕੱਤਰ, ਪ੍ਰੋ. ਨਰਿੰਦਰ ਸਿੰਘ ਸਕੱਤਰ ਅਕਾਦਮਿਕ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਪ੍ਰੀਤ ਸਿੰਘ ਪ੍ਰੀਤ, ਸੰਤੋਸ਼ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਦੀ ਦੇਖ-ਰੇਖ ਹੇਠ ਹੋਇਆ। ਇਸ ਵਿੱਚ ਸ਼ਹਿਰ ਦੇ ਵੱਖ ਵੱਖ ਸਕੂਲਾਂ, ਅਕਾਲ ਅਕੈਡਮੀ ਬੇਨੜਾ ਅਤੇ ਗੁਰਸਾਗਰ ਚੈਰੀਟੇਬਲ ਟਰੱਸਟ ਧੂਰੀ, ਰਾਗ ਰਤਨ ਸੰਗੀਤ ਅਕੈਡਮੀ ਭਵਾਨੀਗੜ੍ਹ, ਬਾਬਾ ਬੇਬਾਕ ਸੰਗੀਤ ਅਕੈਡਮੀ ਚੀਮਾ ਸਾਹਿਬ, ਸਪਤ ਸੁਰ ਸੰਗੀਤ ਅਕੈਡਮੀ ਸੁਨਾਮ ਦੇ ਸਿਖਿਆਰਥੀ ਸ਼ਾਮਲ ਹੋਏ। ਗੁਰਲੀਨ ਕੌਰ ਦੇ ਸਟੇਜ ਸੰਚਾਲਨ ਅਧੀਨ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਸਟੱਡੀ ਸਰਕਲ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ‘ਆਪ ਕੀਰਤਨ ਕਰਨ ਦੀ ਲਹਿਰ’ ਅਧੀਨ ਕਰਵਾਏ ਇਸ ਸਮਾਗਮ ਦੇ ਮੰਤਵ ਬਾਰੇ ਦੱਸਿਆ।
ਇਸ ਮੌਕੇ ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ ਦੇ ਵਿਦਿਆਰਥੀਆਂ ਨੇ ਤੰਤੀ ਸਾਜਾਂ ਦੁਆਰਾ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰ ਕੇ ਅਨਹਦ ਮਾਹੌਲ ਸਿਰਜ ਦਿੱਤਾ। ਹਿੱਸਾ ਲੈਣ ਵਾਲਿਆਂ ਨੂੰ ਸਟੱਡੀ ਸਰਕਲ ਵੱਲੋਂ ਸਨਮਾਨਿਆ ਗਿਆ।