ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਜੁਲਾਈ
ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਗ਼ਦਰ ਭਵਨ ਵਿੱਚ ਹੋਈ, ਜਿਸ ਵਿੱਚ ਮੂਨਕ ਅਤੇ ਖਨੌਰੀ ਇਲਾਕੇ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਕੰਮ ਲਈ ਅੱਜ ਮੀਟਿੰਗ ਵਿੱਚ ਸਾਰੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਤੇ ਲਹਿਰਾਗਾਗਾ ਵਿੱਚ ਸਹਾਇਤਾ ਕੈਂਪ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਮੀਤ ਪ੍ਰਧਾਨ ਮੇਹਰ ਸਿੰਘ ਈਸਾਪੁਰ ਅਤੇ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਨੇ ਦੱਸਿਆ ਕਿ ਘੱਗਰ ਦੇ ਪਾਣੀ ਨੇ ਸੰਗਰੂਰ ਜ਼ਿਲ੍ਹੇ ਦੇ ਮੂਨਕ ਖਨੌਰੀ ਇਲਾਕਿਆਂ ਵਿੱਚ ਵੱਡੀ ਮਾਰ ਕੀਤੀ ਹੈ। ਅਜਿਹੇ ਔਖੇ ਸਮੇਂ ਪੀੜਤਾਂ ਨਾਲ ਖੜਨਾ ਹਰੇਕ ਪੰਜਾਬ ਵਾਸੀਆਂ ਦਾ ਫਰਜ਼ ਹੈ। ਇਸ ਮਕਸਦ ਲਈ ਅੱਜ ਸਾਰੇ ਜ਼ਿਲ੍ਹਾ ਆਗੂਆਂ ਦੀਆਂ ਪਿੰਡਾਂ ’ਚੋਂ ਹਰਾ ਚਾਰਾ, ਰਾਸ਼ਨ ਅਤੇ ਹੋਰ ਸਾਮਾਨ ਇਕੱਠਾ ਕਰਨ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਲੋੜਵੰਦਾਂ ਤੱਕ ਸਹਾਇਤਾ ਪਹੁੰਚਾਉਣ ਲਈ ਲਹਿਰਾਗਾਗਾ ਵਿਖੇ ਕੈਂਪ ਸਥਾਪਤ ਕੀਤਾ ਜਾਵੇਗਾ। ਭਲਕੇ ਇਹ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜ਼ਿਲ੍ਹਾ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਨੀਰੀ ਬੀਜਣ ਲਈ ਝੋਨੇ ਦਾ ਬੀਜ ਸੁੱਕਾ ਰਾਸ਼ਨ ਵਗੈਰਾ ਵੱਧ ਤੋਂ ਵੱਧ ਦਾਨ ਕੀਤਾ ਜਾਵੇ। ਅੱਜ ਹੀ ਇੱਕ ਟੀਮ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕੈਂਪ ਦਾ ਪ੍ਰਬੰਧ ਕਰੇਗੀ।
ਬੀਕੇਯੂ ਕ੍ਰਾਂਤੀਕਾਰੀ ਨੇ ਹਰੇ ਚਾਰੇ ਦੀਆਂ ਟਰਾਲੀਆਂ ਭੇਜੀਆਂ
ਸਮਾਣਾ( ਨਿੱਜੀ ਪੱਤਰ ਪ੍ਰੇਰਕ): ਹੜ੍ਹਾਂ ਦੀ ਮਾਰ ਹੇਠ ਆਏ ਸਮਾਣਾ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੀ ਡਟੀਆਂ ਹੋਈਆਂ ਹਨ, ਪ੍ਰੰਤੂ ਇਨ੍ਹਾਂ ਇਲਾਕਿਆਂ ਦੇ ਬੇਜ਼ੁਬਾਨ ਪਸ਼ੂਆਂ ਦੀ ਸਹਾਇਤਾ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਅੱਗੇ ਆਉਂਦਿਆਂ ਅੱਜ 2 ਟਰਾਲੀਆਂ ਹਰਾ ਚਾਰਾ ਇਨ੍ਹਾਂ ਪਿੰਡਾਂ ਵਿੱਚ ਭੇਜਿਆ। ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਅਤੇ ਸਰਪ੍ਰਸਤ ਸੁਰਜੀਤ ਸਿੰਘ ਫੁੱਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਢਿਪਾਲੀ(ਬਠਿੰਡਾ) ਇਕਾਈ ਪ੍ਰਧਾਨ ਰਾਮ ਸਿੰਘ ਅਤੇ ਬੂਟਾ ਸਿੰਘ ਸਮੇਤ ਸਾਥੀਆਂ ਹਰੇ ਚਾਰੇ ਦੀਆਂ ਟਰਾਲੀਆਂ ਲੈ ਕੇ ਪਹੁੰਚੇ। ਉਨ੍ਹਾਂ ਅੱਜ ਹਰੇ ਚਾਰੇ ਦੀਆਂ 2 ਟਰਾਲੀਆਂ ਪਿੰਡ ਸਪਰਹੇੜੀ ਛੰਨਾ ਅਤੇ ਰਤਨਹੇੜੀ ਵੱਲ ਭੇਜੀਆਂ ਹਨ।