ਰਮੇਸ਼ ਭਾਰਦਵਾਜ
ਲਹਿਰਾਗਾਗਾ, 18 ਸਤੰਬਰ
ਇੱਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ ਅੱਜ 352ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਦਰ ਸਿੰਘ ਭੁਟਾਲ ਖੁਰਦ, ਲੀਲਾ ਸਿੰਘ ਚੋਟੀਆਂ, ਸੁਖਦੇਵ ਸ਼ਰਮਾ ਭੁਟਾਲ ਖੁਰਦ, ਮਾਸਟਰ ਗੁਰਚਰਨ ਸਿੰਘ ਖੋਖਰ, ਹਰਜਿੰਦਰ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਨਿੱਕਾ ਸਿੰਘ ਸੰਗਤੀਵਾਲਾ, ਕਰਮਜੀਤ ਕੌਰ ਭੁਟਾਲ ਕਲਾਂ, ਬਲਜੀਤ ਕੌਰ ਲਹਿਲ ਕਲਾਂ ਮਜ਼ਦੂਰ ਆਗੂ, ਜਸਵਿੰਦਰ ਕੌਰ ਗਾਗਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਸੁਝੱਜੇ ਢੰਗ ਨਾਲ ਚੱਲ ਰਹੇ ਹਨ। ਮੋਰਚਿਆਂ ਵਿੱਚ ਕਿਰਤੀ ਲੋਕਾਂ ਦੀ ਤਦਾਦ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਖ਼ਿਲਾਫ਼ ਰੋਸ ਵਜੋਂ ਨਾਅਰੇਬਾਜ਼ੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਅੱਠ ਤੋਂ ਘਟਾ ਕੇ ਸਿਰਫ਼ 3-4 ਘੰਟੇ ਦਿੱਤੀ ਜਾਂਦੀ ਹੈ। ਇਹ ਸਰਕਾਰ ਦੀ ਕਿਸਾਨਾਂ ਨਾਲ ਵਾਆਦਾਖ਼ਿਲਾਫ਼ੀ ਹੈ। ਬਿਜਲੀ ਸਪਲਾਈ ਘੱਟ ਆਉਣ ਨਾਲ ਪੂਰੇ ਖੇਤ ਨੂੰ ਪਾਣੀ ਨਾ ਆਉਣ ਕਰ ਕੇ ਝੋਨੇ ਦੀ ਫ਼ਸਲ ਸੁਕਦੀ ਜਾ ਰਹੀ ਹੈ। ਉੱਪਰੋਂ ਫ਼ਸਲ ਦੇ ਪੱਕਣ ਦਾ ਸਮਾਂ ਹੈ ਜਿਸ ਨਾਲ ਝੋਨੇ ਦੇ ਝਾੜ੍ਹ ਵਿੱਚ ਘਾਟਾ ਪਵੇਗਾ। ਇਸ ਕਰ ਕੇ ਸਰਕਾਰ ਇਸ ਗੱਲ ਵੱਲ ਧਿਆਨ ਦੇਣ ਦੀ ਚਿਤਾਵਨੀ ਦਿੱਤੀ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਰੋਸ ਧਰਨਿਆਂ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਭਾਜਪਾ ਆਪਣੇ ਆਗੂਆਂ ਤੋਂ ਭੜਕਾਊ ਬਿਆਨ ਦਿਵਾ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਹਰ ਹੀਲਾ ਵਰਤ ਰਹੀ ਹੈ ਪਰ ਭਾਜਪਾ ਦੀਆਂ ਭੜਕਾਊ ਚਾਲਾਂ ਨੂੰ ਕਿਸੇ ਵੀ ਕੀਮਤ ’ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਸਥਾਨਕ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦੇ ਪੱਕੇ ਰੋਸ ਧਰਨੇ ਨੂੰ ਕਿਸਾਨ ਆਗੂ ਰੋਹੀ ਸਿੰਘ ਮੰਗਵਾਲ, ਮੱਘਰ ਸਿੰਘ ਉਭਾਵਾਲ, ਨਿਰਮਲ ਸਿੰਘ ਬਟੜਿਆਣਾ, ਮਹਿੰਦਰ ਸਿੰਘ ਭੱਠਲ, ਲੱਖਮੀ ਚੰਦ, ਨਿਰਭੈ ਸਿੰਘ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਜਿੱਥੇ ਕੇਂਦਰ ਸਰਕਾਰ ਵੱਖ-ਵੱਖ ਤਰ੍ਹਾਂ ਦੇ ਮਨਸੂਬੇ ਘੜ ਕੇ ਦਿੱਲੀ ਦੀਆਂ ਬਰੂਹਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਢਾਹ ਲਾਉਣਾ ਚਾਹੁੰਦੀ ਹੈ, ਉੱਥੇ ਆਪਣੇ ਆਗੂਆਂ ਤੋਂ ਪੰਜਾਬ ਵਿਚ ਭੜਕਾਊ ਬਿਆਨ ਦਿਵਾ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਤਾਕ ਵਿੱਚ ਹੈ ਤਾਂ ਜੋ ਪੰਜਾਬ ਵਿਚ ਗਵਰਨਰੀ ਰਾਜ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਹ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣਗੇ ਕਿਉਂਕਿ ਕਿਸਾਨਾਂ ਦੇ ਹੌਸਲੇ ਬੁਲੰਦ ਹਨ, ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।
ਕਿਸਾਨ ਆਗੂਆਂ ਨੇ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫਲ਼ ਬਣਾਉਣ ਲਈ ਪਿੰਡਾਂ ਵਿਚ ਪ੍ਰਚਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਿੰਡ-ਪਿੰਡ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇ। ਰੋਸ ਧਰਨੇ ’ਚ ਕੁਲਦੀਪ ਸਿੰਘ ਸੰਗਰੂਰ, ਭਗਵਾਨ ਸਿੰਘ, ਗੁਰਬਖਸ਼ ਸਿੰਘ, ਬਲਵੀਰ ਸਿੰਘ ਉਪਲੀ, ਮਹਿੰਦਰ ਸਿੰਘ, ਗੁਰਨਾਮ ਸਿੰਘ, ਜੋਗਿੰਦਰ ਸਿੰਘ, ਜਸਵੰਤ ਸਿੰਘ ਆਦਿ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂ ਸ਼ਾਮਲ ਸਨ।
ਸੰਘਰਸ਼ ’ਚ ਜਾਨ ਗੁਆਉਣ ਵਾਲਾ ਹਰ ਕਿਰਤੀ ਸ਼ਹੀਦ: ਪੰਮੀ ਬਾਈ
ਦਿੜਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਗਾਇਕ ਤੇ ਜਾਗਦਾ ਪੰਜਾਬ ਦੇ ਸਕੱਤਰ ਜਨਰਲ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਨੇ ਪਿੰਡ ਨਮੋਲ ਦੇ ਦਿੱਲੀ ਸੰਘਰਸ਼ ਵਿੱਚ ਜਾਨ ਗਵਾਉਣ ਵਾਲੇ ਕਿਸਾਨ ਸਤਿਗੁਰ ਸਿੰਘ ਨਮੋਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨੀ ਮੋਰਚੇ ਵਿੱਚ ਜਾਨ ਗੁਵਾਉਣ ਵਾਲਾ ਹਰ ਇਨਸਾਨ ਸ਼ਹੀਦ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਦਾ ਹੱਕਾਂ ਦੀ ਰਾਖੀ ਲਈ ਹਕੂਮਤਾਂ ਨਾਲ ਮੱਥਾ ਲੱਗਿਆ ਹੈ, ਪੰਜਾਬੀਆਂ ਦਾ ਨਾਂ ਸ਼ਹੀਦਾਂ ਦੀ ਕਤਾਰ ਵਿੱਚ ਸਿਖ਼ਰਲੇ ਸਥਾਨ ’ਤੇ ਹੁੰਦਾ ਹੈ। ਇਸ ਮਗਰੋਂ ਸੂਲਰ ਘਰਾਟ ’ਤੇ ਸਮਾਗਮ ਵਿੱਚ ਸ਼ਾਮਲ ਹੋਏ। ਪੰਮੀ ਬਾਈ ਨੇ ਜਿੱਥੇ ਮ੍ਰਿਤਕ ਕਿਸਾਨ ਦੀ ਪਤਨੀ ਸੁਰਜੀਤ ਕੌਰ ਅਤੇ ਪੁੱਤਰ ਗੁਰਜੰਟ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਜਾਗਦਾ ਪੰਜਾਬ ਇਸ ਪਰਿਵਾਰ ਦੇ ਹਰੇਕ ਦੁੱਖ ਸੁੱਖ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇਗਾ। ਇਸ ਦੌਰਾਨ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਦੱਸਿਆ ਕਿ ਸਤਿਗੁਰ ਸਿੰਘ ਨਮੋਲ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਜੁੜਿਆ ਹੋਇਆ ਸੀ ਤੇ ਦਿੱਲੀ ਵਿਖੇ ਹੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ।