ਪੱਤਰ ਪ੍ਰੇਰਕ
ਲਹਿਰਾਗਾਗਾ ,13 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਲਹਿਲ ਖੁਰਦ ਇਕਾਈ ਦੀ ਮੀਟਿੰਗ ਪ੍ਰਧਾਨ ਬਲਦੀਪ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੰਗਰੂਰ ਦੇ ਜੌਲੀਆਂ ਪਿੰਡ ਦੇ ਕਿਸਾਨ ਅਵਤਾਰ ਸਿੰਘ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਵੱਲੋਂ 15 ਨੂੰ ਲਾਏ ਜਾ ਰਹੇ ਧਰਨੇ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਮਤਾ ਪਿੰਡ ਵਾਸੀਆਂ ਵੱਲੋਂ ਪਾਸ ਕੀਤਾ ਗਿਆ। ਬਲਾਕ ਆਗੂ ਹਰਸੇਵਕ ਸਿੰਘ ਨੇ ਕਿਹਾ ਕਿ ਪਾਵਰਕੌਮ ਵੱਲੋਂ ਘਰਾਂ ਦੀਆਂ ਕੰਧਾਂ ਤੇ ਛੱਤਾਂ ਉੱਪਰੋਂ ਟੱਪ ਕੇ ਚੋਰਾਂ ਵਾਂਗ ਚੈਕਿੰਗ ਕੀਤੀ ਜਾ ਰਹੀ ਹੈ। ਜਦੋਂ ਕਿ ਪਿੰਡ ਦੇ ਦਰਜਨਾਂ ਮੀਟਰ ਕਾਫੀ ਸਮੇਂ ਤੋਂ ਸੜੇ ਹੋਏ ਹਨ। ਉਨ੍ਹਾਂ ਮੀਟਰਾਂ ਨੂੰ ਬਦਲਣ ਦੀ ਬਜਾਏ ਖਪਤਕਾਰਾਂ ਨੂੰ ਬਿਜਲੀ ਦੇ ਵੱਡੇ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਸ ਦਾ ਸਖ਼ਤ ਵਿਰੋਧ ਕਰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਗੱਲ ’ਤੇ ਗੌਰ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਜਦੋਂ ਮਹਿਕਮੇ ਦੇ ਅਧਿਕਾਰੀ ਕੰਧਾਂ ਟੱਪ ਕੇ ਘਰਾਂ ਵਿੱਚ ਦਾਖ਼ਲ ਹੋਣਗੇ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਮੂਣਕ ਘੱਗਰ ਵਿੱਚ ਵੱਧ ਪਾਣੀ ਆਉਣ ਕਾਰਨ ਥਾਂ-ਥਾਂ ਪਾੜ ਪੈ ਚੁੱਕੇ ਹਨ। ਮੂਣਕ ਖਨੌਰੀ ਇਲਾਕਾ ਪਾਣੀ ਨਾਲ ਭਰ ਚੁੱਕਾ ਹੈ। ਜਿਸ ਕਾਰਨ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਝੋਨਾ, ਮੱਕੀ, ਸਬਜ਼ੀਆਂ ਆਦਿ ਬਿਲਕੁਲ ਤਬਾਹ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਲ ਕੇ ਮੂਣਕ ਖਨੌਰੀ ਦੇ ਕਿਸਾਨਾਂ ਲਈ ਝੋਨੇ ਦੀ ਪਛੇਤੀ ਪਨੀਰੀ ਲਗਾਉਣ ਦਾ ਫੈਸਲਾ ਲਿਆ ਗਿਆ ਹੈ।
ਮਲਕੀਤ ਸਿੰਘ ਨੇ ਪ੍ਰਸ਼ਾਸਨ ਨੂੰ ਹੜ ਪੀੜਤਾਂ ਲਈ ਤਿੰਨ ਏਕੜ ਪਨੀਰੀ ਬੀਜੀ
ਲਹਿਰਾਗਾਗਾ (ਪੱਤਰ ਪੇਰਕ): ਨੇੜਲੇ ਪਿੰਡ ਅੜਕਵਾਸ ਦੇ ਸਾਬਕਾ ਪੰਚਾਇਤ ਮੈਂਬਰ ਮਲਕੀਤ ਸਿੰਘ ਨੇ ਜ਼ਮੀਨ ਠੇਕੇ ’ਤੇ ਲੈ ਕੇ ਹੜ ਪੀੜ੍ਹਤ ਕਿਸਾਨਾਂ ਦੀ ਸਹਾਇਤਾ ਲਈ ਪਨੀਰੀ ਬੀਜਣ ਦਾ ਫੈਸਲਾ ਲਿਆ ਹੈ ਅਤੇ ਪਿੰਡ ਦੇ ਸਹਿਯੋੋਗ ਸਦਕਾ ਅੱਜ ਕਰੀਬ ਤਿੰਨ ਏਕੜ ਪੀਆਰ 126 ਦੀ ਪਨੀਰੀ ਦੀ ਬਿਜਾਈ ਕਰ ਦਿੱਤੀ ਗਈ ਹੈ। ਉਸ ਅਨੁਸਾਰ ਇਹ ਪਨੀਰੀ ਤਿਆਰ ਹੋਣ ’ਤੇ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ ਤਾਂ ਜੋ ਲੋੜਵੰਦਾਂ ਨੂੰ ਦਿੱਤੀ ਜਾ ਸਕੇ।