ਬੀਰਬਲ ਰਿਸ਼ੀ
ਸ਼ੇਰਪੁਰ, 15 ਮਈ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸ਼ੇਰਪੁਰ ਤੇ ਧੂਰੀ ਵੱਲੋਂ ਪਿੰਡ-ਪਿੰਡ ਉਪਰੋਥਲੀ ਮੀਟਿੰਗਾਂ ਕਰਕੇ ਕਿਸਾਨਾਂ ਨੂੰ ‘ਦਿੱਲੀ ਚਲੋ’ ਦਾ ਹੋਕਾ ਦਿੱਤਾ ਜਾ ਰਿਹਾ ਹੈ। ਵੱਖ-ਵੱਖ ਪਿੰਡਾਂ ‘ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣੇ ਰੌਂਅ ਦਾ ਪ੍ਰਦਰਸ਼ਨ ਕੀਤਾ। ਪ੍ਰੈੋਸ ਬਿਆਨ ਰਾਹੀਂ ਬੀਕੇਯੂ ਡਕੌਂਦਾ ਬਲਾਕ ਸ਼ੇਰਪੁਰ ਦੇ ਪ੍ਰਧਾਨ ਕਰਮਜੀਤ ਸਿੰਘ ਛੰਨਾ ਅਤੇ ਬਲਾਕ ਧੂਰੀ ਦੇ ਪ੍ਰਧਾਨ ਸਿਆਮ ਦਾਸ ਕਾਂਝਲੀ ਨੇ ਦੱਸਿਆ ਕਿ ਭਾਵੇਂ ਕੇਂਦਰ ਸਰਕਾਰ ਅੜੀ ਹੋਈ ਹੈ ਪਰ ਕਿਸਾਨ ਖੇਤੀ ਕਾਨੂੰਨ ਵਾਪਸ ਹੋਏ ਬਿਨਾ ਵਾਪਸ ਮੁੜਨ ਨੂੰ ਤਿਆਰ ਨਹੀਂ। ਪਿੰਡ ਧਾਂਦਰਾ ਵਿਖੇ ਬੀਕੇਯੂ ਡਕੌਂਦਾ ਇਕਾਈ ਦੀ ਚੋਣ ਦੌਰਾਨ ਪ੍ਰਧਾਨ ਗੁਰਤੇਜ ਸਿੰਘ, ਮੀਤ ਪ੍ਰਧਾਨ ਕਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ, ਖਜਾਨਚੀ ਸੁਰਿੰਦਰਪਾਲ ਸਿੰਘ, ਪ੍ਰੈਸ ਸਕੱਤਰ ਮੇਵਾ ਸਿੰਘ, ਨਿਰਪਾਲ ਸਿੰਘ, ਲਖਵਿੰਦਰ ਸਿੰਘ ਆਦਿ ਮੈਂਬਰ ਚੁਣੇ ਗਏ।
ਘਨੌਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਤੇ ਸੱਦੇ ’ਤੇ ਕੁਲਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਧਰਮਪਾਲ ਸਿੰਘ ਸੀਲ, ਜ਼ਿਲ੍ਹਾ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ, ਗੁਰਨੇਕ ਸਿੰਘ ਭੱਜਲ, ਸਤਪਾਲ ਰਾਜੋਮਾਜਰਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਕਾਫਲਾ ਸ਼ੰਭੂ ਬੈਰੀਅਰ ਤੋਂ ਦਿੱਲੀ ਦੇ ਸਿੰਘੂ ਲਈ ਰਵਾਨਾ ਹੋਇਆ। ਕਿਸਾਨ ਆਗੂਆਂ ਸੁਭਾਸ਼ ਮੱਟੂ, ਮੋਹਨ ਸਿੰਘ ਸੋਢੀ, ਮਹਾਂ ਸਿੰਘ ਰੋੜੀ, ਵਿਜੈਪਾਲ ਘਨੌਰ ਅਤੇ ਗੁਰਜੀਤ ਸਿੰਘ ਅਜਰਾਵਰ ਸਮੇਤ ਹੋਰਨਾਂ ਨੇ ਅੰਦੋਲਨ ਦੀ ਸਫਲਤਾ ਲਈ ਦ੍ਰਿੜ ਪ੍ਰਗਟਾਵਾ ਕੀਤਾ।