ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 9 ਜੁਲਾਈ
ਚੰਡੀਗੜ੍ਹ-ਬਠਿੰਡਾ ਕੌਮੀ ਸ਼ਾਹਰਾਹ ਬਣਿਆਂ ਤਿੰਨ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ। ਇਹ ਸੜਕ ਚੌੜੀ ਕਰਨ ਸਮੇਂ ਦੋਵੇਂ ਪਾਸੇ ਲੱਗੇ ਹਜ਼ਾਰਾਂ ਦਰੱਖਤਾਂ ਦੀ ਬਲੀ ਦੇ ਦਿੱਤੀ ਗਈ ਸੀ। ਇਸ ਨਾਲ ਰਾਮਪੁਰਾ ਫੂਲ ਦੇ ਟੀ-ਪੁਆਇੰਟ ’ਤੇ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਸੈਂਕੜੇ ਸਵਾਰੀਆਂ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਹੋਇਆ ਹੈ ਕਿਉਂਕਿ ਸਰਕਾਰ ਵੱਲੋਂ ਦਰੱਖ਼ਤ ਤਾਂ ਕੱਟ ਦਿੱਤੇ ਗਏ ਹਨ ਪਰ ਸਵਾਰੀਆਂ ਦੇ ਖੜ੍ਹਨ ਲਈ ਛਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਇਨ੍ਹਾਂ ਦਿਨਾਂ ਵਿੱਚ ਪੈ ਰਹੀ ਅਤਿ ਦੀ ਗਰਮੀ ਕਾਰਨ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵਾਰੀਆਂ ਛਾਵੇਂ ਖੜ੍ਹਨ ਲਈ ਰੇਹੜੀਆਂ ਤੇ ਦੁਕਾਨਾਂ ਦਾ ਸਹਾਰਾ ਲੈਂਦੀਆਂ ਹਨ।
ਇਨ੍ਹਾਂ ਸਮੱਸਿਆਵਾਂ ਨੂੰ ਦੇਖਦਿਆਂ ਸਮਾਜ ਸੇਵੀ ਤੇ ਟੀਪੀਡੀ ਮਾਲਵਾ ਕਾਲਜ ਦੇ ਪ੍ਰੋਫੈਸਰ ਮਨਵਰ ਖ਼ਾਨ ਵੱਲੋਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਗਈ ਸੀ, ਜਿਸ ਨੂੰ ਦੇਖ ਕੇ ਕਈ ਸਮਾਜ ਸੇਵੀ ਅੱਗੇ ਆਏ। ਇਨ੍ਹਾਂ ਵਿੱਚ ਅਮਰਿੰਦਰ ਕਲਸੀ ਅਤੇ ਐਡਵੋਕੇਟ ਹਨੀ ਦੁੱਗਲ ਤੋਂ ਇਲਾਵਾ ਲੋਕ ਆਪਣੇ ਪੱਧਰ ’ਤੇ ਵੀ ਮਦਦ ਕਰਨ ਲਈ ਤਿਆਰ ਹੋ ਗਏ ਪਰ ਉਹ ਇਸ ਗੱਲ ਕਾਰਨ ਟਾਲਾ ਵੱਟ ਗਏ ਕਿ ਪੈਸੇ ਖਰਚ ਕੇ ਬਣਾਏ ਗਏ ਸ਼ੈੱਡ ਨੂੰ ਕੋਈ ਵੀ ਸ਼ਰਾਰਤੀ ਅਨਸਰ ਜਾਂ ਪ੍ਰਸ਼ਾਸਨ ਵੱਲੋਂ ਨਾਜਾਇਜ਼ ਉਸਾਰੀ ਕਹਿ ਕੇ ਨਾ ਢਾਹ ਦਿੱਤਾ ਜਾਵੇ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਮੰਗ ਕੀਤੀ ਕਿ ਲੋਕਾਂ ਦੀ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।