ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਅਗਸਤ
ਪਿੰਡ ਲਹਿਲ ਖੁਰਦ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਸਕੂਲ ਨੂੰ ਜਿੰਦਰਾ ਲਾ ਕੇ ਅੱਜ ਦੂਜੇ ਦਿਨ ਧਰਨਾ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਭਲਕੇ ਬੁੱਧਵਾਰ ਨੂੰ 2 ਘੰਟਿਆਂ ਲਈ ਲਹਿਲ ਖੁਰਦ ਨੇੜਲੇ ਚੌਕ ’ਤੇ ਲਹਿਰਾਗਾਗਾ-ਪਾਤੜਾਂ-ਮੂਣਕ ਮਾਰਗ ਨੂੰ ਜਾਮ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੀ ਬਜਾਏ ਆਪਣਾ ਪੱਲਾ ਝਾੜ ਰਹੇ ਹਨ। ਇਸ ਧਰਨੇ ਵਿੱਚ ਪਿੰਡ ਦੇ ਕਲੱਬਾਂ ਦੇ ਮੈਂਬਰ, ਮੌਜੂਦਾ ਪੰਚਾਇਤ, ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਬੀਕੇਯੂ ਉਗਰਾਹਾਂ ਦੀ ਪਿੰਡ ਇਕਾਈ ਦੇ ਮੈਂਬਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਛੇਤੀ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ’ਚ ਜਥੇਬੰਦੀ ਦੇ ਬਲਾਕ ਆਗੂ ਸੂਬਾ ਸਿੰਘ ਸੰਗਤਪੁਰਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਪ੍ਰੀਤਮ ਸਿੰਘ ਲਹਿਲ ਕਲਾ, ਬਿੰਦਰ ਸਿੰਘ ਖੋਖਰ ਕਲਾਂ, ਹਰਸੇਵਕ ਸਿੰਘ ਲਹਿਲ ਖੁਰਦ ਤੇ ਜਗਦੀਪ ਸਿੰਘ ਲਹਿਲ ਖੁਰਦ ਸ਼ਾਮਲ ਸਨ। ਉਧਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਜਿੰਦਰ ਕੂਮਾਰ ਨੇ ਦੱਸਿਆ ਕਿ ਉਹ ਇੱਕ ਅਧਿਆਪਕ ਨੂੰ ਡੈਪੂਟੇਸ਼ਨ ’ਤੇ ਭੇਜ ਸਕਦੇ ਹਨ ਪਰ ਪਿੰਡ ਵਾਸੀ ਘੱਟੋ ਘੱਟ ਚਾਰ ਮੰਗਦੇ ਹਨ। ਉਨ੍ਹਾਂ ਦੱਸਿਆ ਕਿ ਈਟੀਟੀ ਦੀਆਂ ਨਵੀਆਂ ਨਿਯੁਕਤੀਆਂ ਸਮੇਂ 25 ਬਲਾਕ ਮੂਨਕ ਅਤੇ ਲਹਿਰਾਗਾਗਾ ਬਲਾਕ ’ਚ ਇੱਕ ਵੀ ਨਵੀਂ ਨਿਯੁਕਤੀ ਨਹੀਂ ਹੋਈ। ਇਸ ਮਸਲੇ ਬਾਰੇ ਡੀਈਓ ਸੰਗਰੂਰ ਨੂੰ ਲਿਖਤੀ ਭੇਜਿਆ ਹੈ।