ਪੱਤਰ ਪ੍ਰੇਰਕ
ਸ਼ੇਰਪੁਰ, 6 ਜੁਲਾਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 7 ਜੁਲਾਈ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ੇਰਪੁਰ ਦੇ ਦਫ਼ਤਰ ਨੂੰ ਤਾਲਾ ਲਗਾਏ ਜਾਣ ਦੇ ਐਲਾਨੇ ਦੀਆਂ ਤਿਆਰੀਆਂ ਵਜੋਂ ਜਥੇਬੰਦੀ ਨੇ ਪਿੰਡ ਗੰਡੇਵਾਲ, ਕੁੰਭੜਵਾਲ ਸਮੇਤ ਚਾਰ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਅਤੇ ਮਜ਼ਦੂਰਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ਾਂ ਦੇ ਅਖਾੜਿਆਂ ’ਚ ਨਿੱਤਰਨ ਲਈ ਪ੍ਰੇਰਿਆ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਆਗੂ ਜਸਵੰਤ ਸਿੰਘ ਖੇੜੀ, ਸ਼ਿੰਗਾਰਾ ਸਿੰਘ ਹੇੜੀਕੇ, ਬਲਵਿੰਦਰ ਸਿੰਘ ਕੁੰਭੜਵਾਲ ਆਦਿ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਵਰਗ ਨੂੰ ਆਪਣੀਆਂ ਹੱਕੀ ਮੰਗਾਂ ਲਈ ਇੱਕਜੁੱਟ ਹੋ ਕੇ ਸੰਘਰਸ਼ਾਂ ਦੇ ਅਖਾੜਿਆਂ ਵਿੱਚ ਨਿੱਤਰਨਾ ਪਵੇਗਾ। ਆਗੂਆਂ ਨੇ ਦੱਸਿਆ ਕਿ ਭਾਵੇਂ ਤਿੰਨ ਬੋਲੀਆਂ ਰੱਦ ਹੋਣ ਮਗਰੋਂ ਨਿਰਧਾਰਤ ਰੇਟ ਤੋਂ ਘਟਕੇ ਬੋਲੀ ਦਿੱਤੀ ਜਾ ਸਕਦੀ ਅਤੇ ਪੰਚਾਇਤੀ ਐਕਟ ਅਨੁਸਾਰ ਬੋਲੀਆਂ ਸਾਂਝੀ ਖੇਤੀ ਲਈ ਤਿੰਨ ਸਾਲਾਂ ਤੱਕ ਦੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਸਬੰਧਤ ਬੀਡੀਪੀਓ ਪਤਾ ਨਹੀਂ ਕਿਹੜੇ ਕਾਰਨਵਸ਼ ਮਜ਼ਦੂਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਆਗੂਆਂ ਅਨੁਸਾਰ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾ ਸਾਂਝੀ ਖੇਤੀ ਲਈ ਤਿੰਨ ਸਾਲਾਂ ਲਈ ਪਟੇ ’ਤੇ ਘੱਟ ਰੇਟ ’ਤੇ ਦੇਣ ਅਤੇ ਇਹ ਬੋਲੀਆਂ ਸਿਰਫ ਐਸਸੀ ਧਰਮਸ਼ਾਲਾਵਾਂ ਵਿੱਚ ਹੀ ਕਰਨ ਸਮੇਤ ਹੱਕੀ ਮੰਗਾਂ ਨੂੰ ਲੈ ਕੇ 7 ਜੁਲਾਈ ਨੂੰ ਮਜ਼ਦੂਰ ਬੀਡੀਪੀਓ ਦਫ਼ਤਰ ਦੀ ਤਾਲਾਬੰਦੀ ਕਰਨਗੇ।