ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 17 ਅਗਸਤ
ਇੱਥੇ ਵੱਖ-ਵੱਖ ਵਾਰਡਾਂ ’ਚੋਂ ਪਿਛਲੇ ਪੰਜ ਦਿਨਾਂ ਵਿੱਚ ਦਰਜਨਾਂ ਵਿਅਕਤੀ ਉਲਟੀ, ਦਸਤ ਲੱਗਣ ਤੇ ਜੀਅ ਘਬਰਾਉਣ ਦੀ ਸ਼ਿਕਾਇਤ ਨੂੰ ਲੈ ਕੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਦਾਖ਼ਲ ਹੋਏ ਹਨ। ਕੁੱਝ ਮਰੀਜ਼ ਘਰਾਂ ਵਿਚ ਹੀ ਇਲਾਜ ਕਰਵਾ ਰਹੇ ਹਨ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਮੋਹਨ ਨਗਰ, ਕਾਕੜਾ ਰੋਡ, ਢੋਡਿਆ ਪੱਤੀ, ਗੁਰੂ ਤੇਗ ਬਹਾਦਰ ਨਗਰ, ਖੋਸਲਾ ਹਸਪਤਾਲ ਨੇੜੇ, ਅਜੀਤ ਨਗਰ, ਸਤਿਸੰਗ ਭਵਨ ਦੇ ਨੇੜਲੇ ਇਲਾਕੇ ’ਚੋਂ ਵੱਡੀ ਗਿਣਤੀ ’ਚ ਹੈਜ਼ੇ ਤੋਂ ਪੀੜਤ ਮਰੀਜ਼ ਸਾਹਮਣੇ ਆਏ ਹਨ। ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਆਸ਼ਾ ਦੇਵੀ, ਸੰਜਨਾ ਰਾਣੀ, ਹਰਜੀਤ ਕੌਰ, ਤਰਲੋਚਨ ਸਿੰਘ, ਕੁਲਦੀਪ ਕੌਰ, ਪਰਮਜੀਤ ਕੌਰ, ਰਿੰਪੀ ਰਾਣੀ, ਗੁਰਮੀਤ ਕੌਰ, ਮਹਿਕ, ਦਲਵੀਰ ਕੌਰ, ਸੁਨੀਤਾ ਰਾਣੀ, ਚਰਨਜੀਤ ਕੌਰ, ਰਣਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਪਾਣੀ ਵਾਲੀ ਟੂਟੀ ਦਾ ਬਦਬੂਦਾਰ ਤੇ ਦੂਸ਼ਿਤ ਪਾਣੀ ਪੀਣ ਕਰ ਕੇ ਉਹ ਬਿਮਾਰ ਹੋਏ ਹਨ। ਮਰੀਜ਼ ਪਰਮਜੀਤ ਕੌਰ ਦੀ ਧੀ ਪਟਿਆਲਾ ਵਿਚ ਦਾਖ਼ਲ ਹੈ।
ਇਸ ਸਬੰਧੀ ਐੱਸਐੱਮਓ ਭਵਾਨੀਗੜ੍ਹ ਡਾ. ਮਹੇਸ਼ ਆਹੂਜਾ ਨੇ ਦੱਸਿਆ ਕਿ ਐਤਵਾਰ ਦੁਪਹਿਰ ਤੱਕ ਡਾਇਰੀਆ ਦੀ ਸ਼ਿਕਾਇਤ ਨੂੰ ਲੈ ਕੇ 12 ਲੋਕ ਹਸਪਤਾਲ ਦਾਖ਼ਲ ਹੋਏ ਜਿਨ੍ਹਾਂ ’ਚੋਂ ਚਾਰ ਮਰੀਜ਼ ਹਾਲੇ ਵੀ ਜ਼ੇਰੇ ਇਲਾਜ ਹਨ। ਹੁਣ ਕੋਈ ਨਵਾਂ ਮਰੀਜ਼ ਦਾਖ਼ਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਜ਼ਿਆਦਾਤਰ ਦੂਸ਼ਿਤ ਪਾਣੀ ਪੀਣ ਨਾਲ ਹੀ ਹੁੰਦੀ ਹੈ ਜਾਂ ਫਿਰ ਅਣ-ਉਬਲਿਆ ਤੇ ਬਾਸੀ ਭੋਜਨ ਖਾਣ ਨਾਲ ਹੋ ਸਕਦੀ ਹੈ।
ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਸੁਖਜੀਤ ਕੌਰ ਅਤੇ ਬਲਵਿੰਦਰ ਸਿੰਘ ਘਾਬਦੀਆ ਨੇ ਕਿਹਾ ਕਿ ਮਰੀਜ਼ਾਂ ਦੇ ਸਾਹਮਣੇ ਆਉਣ ਮਗਰੋਂ ਸਾਵਧਾਨੀ ਦੇ ਤੌਰ ’ਤੇ ਨਗਰ ਕੌਂਸਲ ਵੱਲੋਂ ਸ਼ਹਿਰ ’ਚ ਦੋ ਦਿਨ ਵਾਟਰ ਸਪਲਾਈ ਨੂੰ ਬੰਦ ਕਰ ਕੇ ਰੱਖਿਆ ਗਿਆ ਤੇ ਲੋਕਾਂ ਨੂੰ ਸਾਫ਼ ਸ਼ੁੱਧ ਪੀਣ ਵਾਲਾ ਪਾਣੀ ਟੈਂਕਰਾਂ ਰਾਹੀਂ ਸਪਲਾਈ ਕਰਵਾਇਆ ਜਾ ਰਿਹਾ ਹੈ।
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਵਾਟਰ ਸਪਲਾਈ ਦੀਆਂ ਪਾਈਪਾਂ ਦੀ ਲੀਕੇਜ਼ ਦੀ ਜਾਂਚ ਕਰਨ ਲਈ 4 ਟੀਮਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਗਿਆ ਹੈ। ਹਾਲੇ ਤੱਕ ਲੀਕੇਜ਼ ਦੀ ਦਿੱਕਤ ਸਾਹਮਣੇ ਨਹੀਂ ਆਈ, ਫਿਰ ਵੀ ਪਾਣੀ ਦੇ ਨਮੂਨੇ ਜਾਂਚ ਲਈ ਖ਼ਰੜ ਲੈਬ ’ਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀਵਰੇਜ ਬੋਰਡ ਰਾਹੀਂ 17 ਲੱਖ 27 ਹਜ਼ਾਰ ਰੁਪਏ ਦੇ ਪ੍ਰਾਜੈਕਟ ਤਹਿਤ ਮਸ਼ੀਨਾਂ ਨਾਲ ਸੀਵਰੇਜ ਨੂੰ ਸਾਫ਼ ਕਰ ਕੇ ਖੋਲ੍ਹਿਆ ਜਾਵੇਗਾ।
ਇਸੇ ਦੌਰਾਨ ‘ਆਪ’ ਦੀ ਆਗੂ ਨਰਿੰਦਰ ਕੌਰ ਭਰਾਜ ਨੇ ਸਿਵਲ ਹਸਪਤਾਲ ਅਤੇ ਵੱਖ-ਵੱਖ ਵਾਰਡਾਂ ਵਿੱਚ ਮਰੀਜ਼ਾਂ ਨੂੰ ਮਿਲਣ ਉਪਰੰਤ ਐਸਡੀਐਮ ਭਵਾਨੀਗੜ੍ਹ ਨਾਲ ਮੀਟਿੰਗ ਕਰ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਸਬੰਧੀ ਕਾਰਵਾਈ ਦੀ ਮੰਗ ਕੀਤੀ।