ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਅਕਤੂਬਰ
ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ’ਚ ਜੁਟੀ ਸੰਸਥਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸੰਗਰੂਰ ਨੇ ਪੁਸਤਕ ਚੇਤਨਾ ਮੁਹਿੰਮ ਦਾ ਆਗਾਜ਼ ਕੀਤਾ ਜਿਸ ਤਹਿਤ ਪੁਸਤਕਾਂ ਪਾਠਕਾਂ ਦੇ ਦਰਾਂ ’ਤੇ ਪੁੱਜਦੀਆਂ ਕੀਤੀਆਂ ਗਈਆਂ। ਮਾਸਟਰ ਪਰਮ ਵੇਦ ਤੇ ਤਰਸੇਮ ਕਾਨਗੜ੍ਹ ਨੇ ਦੱਸਿਆ ਕਿ ਤਰਕਸ਼ੀਲ ਮੈਂਬਰਾਂ ਕਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਚਮਕੌਰ ਸਿੰਘ, ਮਾਸਟਰ ਪਰਮ ਵੇਦ ਤੇ ਤਰਕਸ਼ੀਲ ਲਹਿਰ ਦੇ ਸਮਰਥਕਾਂ ਸੁਰਿੰਦਰ ਪਾਲ, ਮਨਜੀਤ ਸੁਪਰਡੈਂਟ ਤੇ ਪ੍ਰਹਿਲਾਦ ਸਿੰਘ ’ਤੇ ਆਧਾਰਤ ਟੀਮ ਨੇ ਪੁਸਤਕਾਂ ਪਾਠਕਾਂ ਤਕ ਪਹੁੰਚਾਈਆਂ। ਆਗੂਆਂ ਨੇ ਦੱਸਿਆ ਕਿ ਕੌਮੀ ਤਰਕਸ਼ੀਲ ਲਹਿਰ ਦੇ ਮਰਹੂਮ ਕੌਮੀ ਨਾਇਕ ਡਾ. ਨਰੇਂਦਰ ਦਾਭੋਲਕਰ ਤੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਚਿੰਤਨ ਨੂੰ ਪ੍ਰਣਾਈ ਇਸ ਮੁਹਿੰਮ ਦਾ ਉਦੇਸ਼ ਪੁਸਤਕ ਚੇਤਨਾ ਨਾਲ ਸਮਾਜ ਵਿੱਚ ਸੋਚਣ, ਸਮਝਣ ਤੇ ਸੁਆਲ ਕਰਨ ਦੇ ਨਜ਼ਰੀਏ ਨੂੰ ਵਿਕਸਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਦੇ ਵਿਕਾਸ ਤੇ ਲੋਕ ਚੇਤਨਾ ਨਾਲ ਅਗਿਆਨਤਾ, ਅੰਧਵਿਸ਼ਵਾਸ ਜਿਹੀਆਂ ਅਲਾਮਤਾਂ ਨੂੰ ਮਾਤ ਦੇਣ ਲਈ ਪੁਸਤਕਾਂ ਦਾ ਮਹੱਤਵਪੂਰਨ ਰੋਲ ਹੈ।