ਪੱਤਰ ਪ੍ਰੇਰਕ
ਸੰਗਰੂਰ, 29 ਸਤੰਬਰ
ਅਭਿਆਨ ਫਾਊਂਡੇਸ਼ਨ ਸੰਗਰੂਰ ਵੱਲੋਂ ਅੱਜ ਨੁੱਕੜ ਨਾਟਕ ਰਾਹੀਂ ਨਸ਼ਾ ਵਿਰੋਧੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ| ਇਸ ਪ੍ਰਾਜੈਕਟ ਤਹਿਤ ਫਾਊਂਡੇਸ਼ਨ ਨੇ ਜ਼ਿਲ੍ਹੇ ਦੇ 12 ਪਿੰਡਾਂ ਨੂੰ ਨਸ਼ਾਮੁਕਤ ਕਰਨ ਲਈ ਉਪਰਾਲਾ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਆਗੂ ਮਨਦੀਪ ਗਰੇਵਾਲ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਇਨ੍ਹਾਂ ਪਿੰਡਾਂ ਵਿਚ ਨਾਟਕਾਂ ਰਾਹੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ੍ਰੀ ਗਰੇਵਾਲ ਨੇ ਕਿਹਾ ਕਿ ਜੇ ਕੋਈ ਨੌਜਵਾਨ ਨਸ਼ੇ ਦੀ ਗ੍ਰਿਫ਼ਤ ਵਿਚ ਹੈ ਤਾਂ ਅਭਿਆਨ ਫਾਊਂਡੇਸ਼ਨ ਮਨੋਵਿਗਿਆਨ ਤੇ ਤਰੀਕੇ ਰਾਹੀਂ ਕੌਂਸਲਿੰਗ ਕਰ ਕੇ ਨੌਜਵਾਨਾਂ ਨੂੰ ਮੁੱਖਧਾਰਾ ਵਿਚ ਲੈ ਕੇ ਆਵੇਗੀ। ਉਸ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਰਾਹੀਂ ਕੋਈ ਰੁਜ਼ਗਾਰ ਜਾਂ ਨੌਕਰੀ ਦਾ ਸਾਧਨ ਮੁਹੱਈਆ ਕਰਵਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨ ਦੇ ਮਾਪੇ ਵੀ ਫਾਊਂਡੇਸ਼ਨ ਨਾਲ ਸੰਪਰਕ ਕਰ ਸਕਦੇ ਹਨ ਤੇ ਜੇ ਕੋਈ ਨੌਜਵਾਨ ਨਸ਼ਾ ਛੱਡਣ ਦਾ ਮਨ ਬਣਾ ਲਵੇ ਤਾਂ ਫਾਊਂਡੇਸ਼ਨ ਦੀ ਟੀਮ ਉਸ ਦੀ ਪੂਰੀ ਮਦਦ ਕਰਨ ਲਈ ਹਰ ਸਮੇਂ ਤਿਆਰ ਹੈ| ਇਸ ਮੌਕੇ ਵੇਲਾ ਸਿੰਘ, ਸੰਦੀਪ ਕੌਰ, ਨੀਤੂ ਰਾਣੀ, ਗੁਰਪ੍ਰੀਤ ਕੌਰ ਅਤੇ ਲਾਡੀ ਸਿੰਘ ਆਦਿ ਹਾਜ਼ਰ ਸਨ|