ਪੱਤਰ ਪ੍ਰੇਰਕ
ਸ਼ੇਰਪੁਰ, 3 ਜੁਲਾਈ
ਸ਼ੇਰਪੁਰ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕ ਘੋਲਾਂ ਦੇ ਨਾਇਕ ਮਰਹੂਮ ਸੁਖਦੇਵ ਬੜੀ ਦੇ ਸਮੇਂ ਤੋਂ ਚਲਦੀ ਆ ਰਹੀ ਐਕਸ਼ਨ ਕਮੇਟੀ ਨੇ ਅੱਜ ਇੱਥੇ ਮੀਟਿੰਗ ਕੀਤੀ। ਇਸ ਵਿੱਚ ਸਰਕਾਰੀ ਹਸਪਤਾਲ ਵਿੱਚ ਐੱਸਐੱਮਓ, ਮਾਹਰ ਡਾਕਟਰਾਂ ਸਣੇ ਖਾਲੀ ਪਈਆਂ ਦਰਜਨਾਂ ਅਸਾਮੀਆਂ, ਹਸਪਤਾਲ ’ਚ ਬੰਦ ਕੀਤੀਆਂ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ, ਸ਼ੇਰਪੁਰ ਦੇ ਸਰਕਾਰੀ ਅਦਾਰਿਆਂ ’ਚ ਚਲਦੀ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਅਤੇ ਸ਼ਰ੍ਹੇਆਮ ਹੋ ਰਹੀ ਚਿੱਟੇ ਦੀ ਵਿਕਰੀ ਨੂੰ ਬੰਦ ਕਰਵਾਉਣ ਦੇ ਗੰਭੀਰ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ।
ਐਕਸ਼ਨ ਕਮੇਟੀ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਅਤੇ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਦੀ ਸਾਂਝੀ ਅਗਵਾਈ ਹੇਠ ਮੀਟਿੰਗ ਦੌਰਾਨ ਉਕਤ ਮੰਗਾਂ ਨੂੰ ਲੈ ਕੇ ਹਾਜ਼ਰੀਨ ਮੈਂਬਰਾਂ ਵੱਲੋਂ ਅੱਜ ਹੀ ਸਰਕਾਰੀ ਹਸਪਤਾਲ ਅੱਗੇ ਸੰਕੇਤਕ ਧਰਨਾ ਲਗਾਉਣ ਉਲੀਕਿਆ ਪ੍ਰੋਗਰਾਮ ਕੁੱਝ ਸਾਥੀਆਂ ਦੀ ਆਪਸੀ ਤਿੱਖੀ ਤਕਰਾਰ ਕਾਰਨ ਰੱਦ ਹੋ ਕੇ ਰਹਿ ਗਿਆ।
ਐਕਸ਼ਨ ਕਮੇਟੀ ਦੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਰਕਾਰੀ ਹਸਪਤਾਲ ਵਿੱਚ ਇੱਕ ਡਾਕਟਰ ਭੇਜਣ, ਲੈਬ ਟੈਕਨੀਸ਼ੀਅਨ ਦੀ ਤਿੰਨ ਦਿਨਾਂ ਲਈ ਡਿਊਟੀ ਲਗਾਉਣ, ਸ਼ੇਰਪੁਰ ਵਿੱਚ ਪੱਕਾ ਨਾਇਬ ਤਹਿਸੀਲਦਾਰ ਲਿਆਉਣ, ਸੇਵਾ ਕੇਂਦਰ ਵਿੱਚ ਬੰਦ ਹੋਏ ਆਧਾਰ ਕਾਰਡ ਬਣਨ ਦਾ ਕੰਮ ਮੁੜ ਸ਼ੁਰੂ ਹੋਣ ਦੇ ਦਿੱਤੇ ਭਰੋਸੇ ਮਗਰੋਂ ਐਕਸ਼ਨ ਕਮੇਟੀ ਨੇ ਆਪਣੇ ਅੱਜ ਐਲਾਨੇ ਜਾਣ ਵਾਲੇ ਸੰਭਾਵੀ ਸੰਘਰਸ਼ ਨੂੰ 10 ਦਿਨਾਂ ਲਈ ਟਾਲ ਦਿੱਤਾ। ਮੀਟਿੰਗ ਮਗਰੋਂ ਵਾਧੂ ਚਾਰਜ ਲੈਣ ਵਾਲੇ ਐਸਐਮਓ ਨਾਲ ਮੀਟਿੰਗ ਕੀਤੀ ਗਈ।