ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਫਰਵਰੀ
ਪਿੰਡ ਬਡਰੁੱਖਾਂ ਵਿੱਚ ਜ਼ੀਰਕਪੁਰ-ਬਠਿੰਡਾ ਹਾਈਵੇ ਦੇ ਓਵਰਬ੍ਰਿਜ ਨਜ਼ਦੀਕ ਰਿਲਾਇੰਸ ਪੈਟਰੋਲ ਪੰਪ ਤੋਂ ਦੋ ਕਾਰ ਸਵਾਰਾਂ ਨੇ ਪਿਸਤੌਲ ਦਿਖਾ ਕੇ ਪੰਪ ਦੇ ਦਫ਼ਤਰ ਵਿੱਚ ਲੱਗੀ ਐੱਲਈਡੀ ਅਤੇ ਕਰੀਬ 13 ਹਜ਼ਾਰ ਰੁਪਏ ਦੀ ਨਗਦੀ ਖੋਹ ਲਈ। ਪੁਲੀਸ ਨੇ ਥਾਣਾ ਲੌਂਗੋਵਾਲ ’ਚ ਅਣਪਛਾਤੇ ਕਾਰ ਸਵਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਦਲਜੀਤ ਸਿੰਘ ਵਾਸੀ ਮਾਡਲ ਟਾਊਨ ਬਡਰੁੱਖਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਰਿਲਾਇੰਸ ਪੰਪ ਵਿੱਚ ਬਤੌਰ ਡੀ.ਐੱਸ.ਐੱਮ ਨੌਕਰੀ ਕਰਦਾ ਹੈ। ਪਹਿਲੀ ਫਰਵਰੀ ਨੂੰ ਸਵੇਰੇ ਕਰੀਬ ਚਾਰ ਵਜੇ ਸਕੌਡਾ ਕਾਰ ਵਿਚ ਦੋ ਨੌਜਵਾਨ ਆਏ ਜਿੰਨ੍ਹਾਂ ਨੇ ਕਾਰ ਵਿੱਚ ਤੇਲ ਪਵਾਉਣ ਮਗਰੋਂ ਉਸ ਦੇ ਸਾਥੀ ਸੁਖਵਿੰਦਰ ਸਿੰਘ ਨੂੰ ਪਿਸਤੌਲ ਦਿਖਾ ਕੇ ਪੰਪ ਦੇ ਦਫ਼ਤਰ ਵਿੱਚੋਂ ਐੱਲਈਡੀ ਅਤੇ ਉਸ ਕੋਲੋਂ ਕੈਸ਼ ਵਾਲਾ ਬੈਗ ਖੋਹ ਲਿਆ।