ਪੱਤਰ ਪ੍ਰੇਰਕ
ਲਹਿਰਾਗਾਗਾ, 3 ਅਗਸਤ
ਪਿੰਡ ਲਹਿਲ ਖੁਰਦ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਰੋਹ ਵਿਚ ਆਏ ਪਿੰਡ ਵਾਸੀਆਂ ਨੇ ਅੱਜ ਤੀਜੇ ਦਿਨ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਸਣੇ ਲਹਿਰਾਗਾਗਾ-ਮੂਨਕ-ਪਾਤੜਾਂ ਮਾਰਗ ਦੋ ਘੰਟਿਆਂ ਲਈ ਜਾਮ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਧਰਨੇ ਵਿੱਚ ਮੂਨਕ ਦੇ ਤਹਿਸੀਲਦਾਰ ਪ੍ਰਵੀਨ ਕੁਮਾਰ ਪਹੁੰਚੇ ਤੇ ਉਨ੍ਹਾਂ ਸਰਕਾਰ ਵੱਲੋਂ ਇਕ ਅਧਿਆਪਕ ਦੇਣ ਦੀ ਗੱਲ ਕੀਤੀ। ਜਦੋਂ ਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਮੁਤਾਬਕ ਤਿੰਨ ਅਧਿਆਪਕ ਹੋਰ ਚਾਹੀਦੇ ਹਨ। ਉਧਰ, ਉਪ ਪੁਲੀਸ ਕਪਤਾਨ ਪੁਸ਼ਪਿੰਦਰ ਸਿੰਘ ਨੇ ਜਾਮ ਤੇ ਧਰਨਾ ਦੇ ਪਤਾ ਲੱਗਦੇ ਸਾਰ ਹੀ ਟਰੈਫਿਕ ਰੂਟ ਬਦਲਕੇ ਜਾਮ ਖੁੱਲ੍ਹਵਾਇਆ। ਇਸ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਹ ਮਹਿੰਗੇ ਸਕੂਲਾਂ ਵਿਚ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਤੇ ਸਰਕਾਰੀ ਸਕੂਲ ਹੀ ਉਨ੍ਹਾਂ ਦੇ ਬੱਚਿਆਂ ਲਈ ਭਵਿੱਖ ਦਾ ਰਾਹ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਰਕਾਰੀ ਸਕੂਲਾਂ ਨੂੰ ਹੌਲੀ-ਹੌਲੀ ਵਿਦੇਸ਼ੀ ਨੀਤੀਆਂ ਰਾਹੀਂ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਵੱਡੇ ਘਰਾਣਿਆਂ ਦੇ ਪ੍ਰਾਈਵੇਟ ਸਕੂਲਾਂ ਨੂੰ ਵੱਧ ਮੁਨਾਫਾ ਦਿੱਤਾ ਜਾ ਸਕੇ। ਪਿੰਡ ਵਾਸੀਆਂ ਨੇ ਇਹ ਸੰਕੇਤਕ ਧਰਨਾ ਸਮਾਪਤ ਕਰਦੇ ਹੋਏ ਭਲਕੇ ਵੀਰਵਾਰ ਨੂੰ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਣ ਦਾ ਐਲਾਨ ਕੀਤਾ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਖਜਾਨਚੀ ਕਰਨੈਲ ਗਨੋਟਾ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਸ਼ਿਵਰਾਜ ਸਿੰਘ ਗੁਰਨੇ ਕਲਾਂ, ਹਰਸੇਵਕ ਸਿੰਘ ਲਹਿਲ ਖੁਰਦ ਤੇ ਜਗਦੀਪ ਸਿੰਘ ਲਹਿਲ ਖੁਰਦ ਆਦਿ ਨੇ ਸੰਬੋਧਨ ਕੀਤਾ।