ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਨਵੰਬਰ
ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਸਰਕਾਰੀ ਰਣਬੀਰ ਕਾਲਜ ਦੇ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਪੀ.ਆਰ.ਐੱਸ.ਯੂ. ਦੇ ਜ਼ਿਲ੍ਹਾ ਸਕੱਤਰ ਪਾਰਸਦੀਪ ਨੇ ਕਿਹਾ ਕਿ ਸਰਕਾਰ ਨੇ 16 ਨਵੰਬਰ ਤੋਂ ਹਾਲੇ ਕਾਲਜ ਯੂਨੀਵਰਸਿਟੀਆਂ ਖੋਲ੍ਹਣ ਦਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਰਣਬੀਰ ਕਾਲਜ ਵੱਲੋਂ 17 ਤਰੀਕ ਤੋਂ ਹੀ ਕਾਲਜ ਪ੍ਰਸ਼ਾਸਨ ਨੇ ਐਮਐੱਸਟੀ ਲੈਣ ਦਾ ਐਲਾਨ ਕੀਤਾ ਹੈ। ਆਗੂ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਕਾਲਜ ਵਿੱਚ ਲਏ ਜਾਣ ਵਾਲੇ ਐਮਐੱਸਟੀ ਕਾਲਜ ਖੁੱਲ੍ਹਣ ਤੋਂ 10 ਦਿਨ ਬਾਅਦ ਲਏ ਜਾਣ ਅਤੇ ਇਸ ਤੋਂ ਇਲਾਵਾ ਹੋਰ ਮੰਗਾਂ ਜਿਵੇਂ ਗ਼ਰੀਬੀ ਰੇਖਾ ਤੋਂ ਹੇਠਾਂ ਆਉਣ ਵਾਲੇ ਵਿਦਿਆਰਥੀਆਂ ਦਾ 75 ਫ਼ੀਸਦੀ ਪੀਟੀਏ ਫੰਡ ਜਲਦੀ ਹੀ ਵਾਪਸ ਕਰਨ, ਬੱਸ ਪਾਸ ਕਾਲਜ ਵਿੱਚ ਹੀ ਬਣਾਏ ਜਾਣ, ਕਾਲਜ ਦੀ ਲਾਇਬ੍ਰੇਰੀ ਵਿਚ ਜਲਦ ਹੀ ਕਿਤਾਬਾਂ ਜਾਰੀ ਕੀਤੀਆਂ ਜਾਣ, ਜਿਓਗ੍ਰਾਫੀ ਦੀ ਪ੍ਰਯੋਗਸ਼ਾਲਾ ਦਾ ਜਲਦੀ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।