ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 14 ਜੁਲਾਈ
ਸੀਪੀਆਈਐੱਮ ਦੀ ਸੁਨਾਮ ਇਕਾਈ ਨੇ ਲੋਕਾਂ ਦੇ ਹਿੱਤ ਦੀਆਂ ਮੰਗਾਂ ਨੂੰ ਲੈ ਕੇ ਸੁਨਾਮ ਦੇ ਕਾਰਜਸਾਧਕ ਅਫ਼ਸਰ ਅੰਮ੍ਰਿਤਪਾਲ ਨੂੰ ਮੰਗ ਪੱਤਰ ਦਿੱਤਾ।
ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਵਰਿੰਦਰ ਕੌਸ਼ਿਕ, ਐਡਵੋਕੇਟ ਮਿੱਤ ਸਿੰਘ ਜਨਾਲ ਅਤੇ ਕਾਮਰੇਡ ਹੰਗੀ ਖਾਂ ਨੇ ਦੱਸਿਆ ਕਿ ਲੋੜਬੰਦ ਲੋਕਾਂ ਦੇ ਨਾਂ ਨੀਲੇ ਕਾਰਡਾਂ ਵਾਲੀਆਂ ਸੂਚੀਆਂ ਵਿਚੋਂ ਕੱਟ ਦਿਤੇ ਗਏ ਹਨ, ਜਿਸ ਕਾਰਨ ਲੋੜਬੰਦ ਲੋਕ ਕਈ ਸਕੀਮਾਂ ਤੋਂ ਵਾਂਝੇ ਹੋ ਗਏ ਹਨ।
ਇਸ ਦੌਰਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਕੱਟੇ ਗਏ ਨੀਲੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ, ਟੈਕਸ ਦੇ ਘੇਰੇ ਤੋਂ ਬਾਹਰ ਹਰ ਵਿਅਕਤੀ ਨੂੰ ਮੁਫ਼ਤ ਰਾਸ਼ਨ ਦਿੱਤਾ ਜਾਵੇ, 6 ਮਹੀਨੇ ਲਈ ਪ੍ਰਤੀ ਪਰਿਵਾਰ ਦੇ ਖਾਤੇ ਵਿੱਚ 7 ਹਜ਼ਾਰ 5 ਸੌ ਰੁਪਏ ਪਾਏ ਜਾਣ, ਸ਼ਹਿਰ ਵਿੱਚ ਫਿਰਦੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਹੱਲ ਕੀਤੀ ਜਾਵੇ ਅਤੇ ਨਗਰ ਕੌਂਸਲ ਦੀ ਕੀਮਤੀ ਜਗ੍ਹਾ ਦੀ ਹਿਫਾਜ਼ਤ ਕੀਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੀਪੀਆਈ ਵੱਲੋਂ ਹੋਰਨਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਜਾਰੀ ਕੀਤਾ ਜਾਵੇਗਾ।