ਨਿਜੀ ਪੱਤਰ ਪ੍ਰੇਰਕ
ਸੰਗਰੂਰ, 25 ਮਈ
ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦੀ ਦਿਸ਼ਾ ਤੇ ਦਸ਼ਾ ਬਦਲਣ ਲਈ ਸਾਰਥਕ ਉਪਰਾਲੇ ਤੇਜ਼ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਵੱਲੋਂ ਪਹਿਲੇ ਪੜਾਅ ਵਜੋਂ ਨਸ਼ਾ ਮੁਕਤੀ ਕੇਂਦਰ ਘਾਬਦਾਂ ਵਿੱਚ ਲਾਇਬਰੇਰੀ ਅਤੇ ਜਿਮਨੇਜ਼ੀਅਮ ਦਾ ਉਦਘਾਟਨ ਕੀਤਾ ਗਿਆ ਅਤੇ ਭਵਿੱਖ ਵਿੱਚ ਤੰਦਰੁਸਤ ਹੋਣ ਮਗਰੋਂ ਇਨ੍ਹਾਂ ਮਰੀਜ਼ਾਂ ਲਈ ਸਵੈ ਰੁਜ਼ਗਾਰ ਦੇ ਵਸੀਲੇ ਕਾਇਮ ਕਰਨ ਲਈ ਮੋਬਾਈਲ ਤੇ ਇਲੈਕਟ੍ਰੀਕਲ ਰਿਪੇਅਰ ਦੇ ਕੋਰਸ ਸ਼ੁਰੂ ਕਰਵਾਏ ਗਏ।
ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਇਲਾਜ ਕਰਵਾ ਰਹੇ ਨੌਜਵਾਨ ਦਿਨ ਭਰ ਵਿਹਲੇ ਨਾ ਰਹਿਣ ਅਤੇ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਸਰੀਰਕ ਤੇ ਮਾਨਸਿਕ ਤੌਰ ’ਤੇ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋਣ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਵਿੱਚ ਯੋਗ ਅਤੇ ਪੜ੍ਹੇ-ਲਿਖੇ ਨੌਜਵਾਨ ਲਾਇਬ੍ਰੇਰੀ ਵਿੱਚ ਜਾ ਕੇ ਨੌਕਰੀ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਸਕਦੇ ਹਨ। ਇਨ੍ਹਾਂ ਵਿੱਚ ਕਰੀਬ 30 ਵਰ੍ਹਿਆਂ ਦਾ ਨੌਜਵਾਨ, ਜੋ ਬੈਚਲਰ ਆਫ ਇੰਜਨੀਅਰਿੰਗ ਦੀ ਯੋਗਤਾ ਰੱਖਦਾ ਹੈ, ਹੁਣ ਆਪਣੇ ਸੁਨਹਿਰੇ ਭਵਿੱਖ ਲਈ ਆਸਵੰਦ ਹੈ। ਉਹ ਚਾਹੁੰਦਾ ਸੀ ਕਿ ਠੀਕ ਹੋ ਕੇ ਘਰ ਪਰਤਣ ਤੋਂ ਪਹਿਲਾਂ ਉਹ ਖੁਦ ਵਿੱਚ ਸਾਕਾਰਾਤਮਕ ਤਬਦੀਲੀ ਪੈਦਾ ਕਰੇ।
ਇਸੇ ਤਰਾਂ ਬੀ.ਐੱਸ.ਸੀ ਦੀ ਪ੍ਰੀਖਿਆ ਦੇਣ ਤੋਂ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਗੁਮਰਾਹ ਹੋਇਆ 24 ਕੁ ਵਰਿਆਂ ਦਾ ਇੱਕ ਨੌਜਵਾਨ ਵੀ ਪੰਜਾਬ ਸਰਕਾਰ ਦੇ ਉਦਮ ਸਦਕਾ ਹੁਣ ਆਪਣੇ ਭਵਿੱਖ ਨੂੰ ਸੰਵਾਰਨ ਦੇ ਸੁਪਨੇ ਦੇਖ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ, ਸਿਵਲ ਸਰਜਨ ਡਾ. ਪਰਮਿੰਦਰ ਕੌਰ, ਐਕਸੀਅਨ ਪੰਚਾਇਤੀ ਰਾਜ ਤਜਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸਨਰ ਡਾ. ਵਿਕਾਸ ਧੀਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।